ਸੀਨੀਅਰ ਸਿਟੀਜ਼ਨਜ਼ ਭਲਾਈ ਸੰਸਥਾ ਨੇ ਸਥਾਪਨਾ ਦਿਵਸ ਮਨਾਇਆ
ਸੀਨੀਅਰ ਸਿਟੀਜ਼ਨਜ਼ ਭਲਾਈ ਸੰਸਥਾ ਵੱਲੋਂ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਅਤੇ ਸੰਸਥਾ ਦਾ 25ਵਾਂ ਸਿਲਵਰ ਜੁਬਲੀ ਸਥਾਪਨਾ ਦਿਵਸ ਸਥਾਨਕ ਬਨਾਸਰ ਬਾਗ ਸਥਿਤ ਸੰਸਥਾ ਦੇ ਦਫ਼ਤਰ ਵਿੱਚ ਮਨਾਇਆ ਗਿਆ। ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਚੇਅਰਮੈਨ ਇੰਜਨੀਅਰ ਪ੍ਰਵੀਨ ਬਾਂਸਲ ਦੀ ਯੋਗ...
ਸੀਨੀਅਰ ਸਿਟੀਜ਼ਨਜ਼ ਭਲਾਈ ਸੰਸਥਾ ਵੱਲੋਂ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਅਤੇ ਸੰਸਥਾ ਦਾ 25ਵਾਂ ਸਿਲਵਰ ਜੁਬਲੀ ਸਥਾਪਨਾ ਦਿਵਸ ਸਥਾਨਕ ਬਨਾਸਰ ਬਾਗ ਸਥਿਤ ਸੰਸਥਾ ਦੇ ਦਫ਼ਤਰ ਵਿੱਚ ਮਨਾਇਆ ਗਿਆ। ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਚੇਅਰਮੈਨ ਇੰਜਨੀਅਰ ਪ੍ਰਵੀਨ ਬਾਂਸਲ ਦੀ ਯੋਗ ਅਗਵਾਈ ਅਤੇ ਰਾਜ ਕੁਮਾਰ ਅਰੋੜਾ ਅਤੇ ਹੋਰ ਅਨੇਕਾਂ ਆਗੂਆਂ ਦੀ ਦੇਖ ਰੇਖ ਹੇਠ ਹੋਏ ਵਿਸ਼ੇਸ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸੁਪਰ ਸੀਨੀਅਰ ਸਿਟੀਜ਼ਨ ਪੂਰਨ ਚੰਦ ਜਿੰਦਲ ਨੇ ਸ਼ਮੂਲੀਅਤ ਕੀਤੀ ਜਦੋਂ ਕਿ ਪ੍ਰਧਾਨਗੀ ਸਰਪ੍ਰਸਤ ਗੁਰਪਾਲ ਸਿੰਘ ਗਿੱਲ ਵਲੋਂ ਕੀਤੀ ਗਈ। ਸਮਾਗਮ ਦੌਰਾਨ ਰੋਸ ਜ਼ਾਹਰ ਕੀਤਾ ਗਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਨੂੰ ਸਤਿਕਾਰ ਸਹਿਤ ਬੁਲਾਇਆ ਗਿਆ ਸੀ ਪਰ ਤਿੰਨਾਂ ਵਿਚੋਂ ਕੋਈ ਵੀ ਨਹੀਂ ਪੁੱਜਿਆ। ਸਮਾਗਮ ਦੌਰਾਨ ਸੀਨੀਅਰ ਸਿਟੀਜ਼ਨਾਂ ਵਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਅੱਗੇ ਤੋਂ ਕਿਸੇ ਵੀ ਸਿਆਸੀ ਆਗੂ ਜਾਂ ਅਧਿਕਾਰੀ ਨੂੰ ਸਮਾਗਮ ਵਿੱਚ ਨਹੀਂ ਬੁਲਾਇਆ ਜਾਵੇਗਾ। ਜਗਜੀਤ ਸਿੰਘ ਜੱਸਲ ਦੇ ਸਟੇਜ ਸੰਚਾਲਨ ਅਧੀਨ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੋਦਨ ਸਿੰਘ ਨੇ ਯੋਗ ਰਾਹੀਂ ਸਿਹਤ ਤੰਦਰੁਸਤੀ ਦੇ ਨੁਕਤੇ ਸਾਂਝੇ ਕੀਤੇ। ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਸੰਸਥਾ ਵੱਲੋਂ ਬਜ਼ੁਰਗਾਂ ਦੀ ਸਿਹਤ ਤੰਦਰੁਸਤੀ ਅਤੇ ਹੋਰ ਭਲਾਈ ਕਾਰਜਾਂ ਬਾਰੇ ਜਾਣੂ ਕਰਵਾਇਆ। ਸਮਾਗਮ ਦੌਰਾਨ ਮਹੀਨਾਵਾਰ ਜਨਮ ਦਿਨ ਵਾਲੇ ਸੀਨੀਅਰ ਸਿਟੀਜ਼ਨਾਂ ਅਤੇ ਵਿਸ਼ੇਸ਼ ਤੌਰ ’ਤੇ ਪੁੱਜੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਰਬੰਸ ਲਾਲ ਗਰਗ ਵੱਲੋਂ 100 ਸਾਲ ਤੋਂ ਵੱਧ ਪੁਰਾਣੇ ਅਤੇ 35 ਭਾਸ਼ਾਵਾਂ ਵਾਲੀਆਂ ਦੁਰਲੱਭ ਅਖਬਾਰਾਂ ਦੀ ਲਗਾਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ।