ਸੀਨੀਅਰ ਸਿਟੀਜ਼ਨਾਂ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ’ਤੇ ਚਰਚਾ
ਪਵਨ ਕੁਮਾਰ ਵਰਮਾ
ਧੂਰੀ, 5 ਜੁਲਾਈ
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨਗਰ ਕੌਂਸਲ ਪਾਰਕ ਧੂਰੀ ਦੀ ਮਹੀਨਾਵਾਰ ਮੀਟਿੰਗ ਜਗਦੀਸ਼ ਸ਼ਰਮਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਜੁਲਾਈ ਮਹੀਨੇ ਵਿੱਚ ਜਨਮ ਦਿਨ ਵਾਲੇ ਸਾਥੀਆਂ ਦੇ ਜਨਮਦਿਨ ਮਨਾਏ ਗਏ ਅਤੇ ਤੰਦਰੁਸਤ ਜੀਵਨ ਅਤੇ ਨਿਰੋਗ ਰਹਿਣ ਦੀ ਕਾਮਨਾ ਕੀਤੀ ਗਈ। ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਧੂਰੀ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੋਣ, ਸਫ਼ਾਈ ਅਤੇ ਪਾਣੀ ਦੀ ਸਪਲਾਈ ਸੁਧਾਰਨ ’ਤੇ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਖ ਦਫ਼ਤਰ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ਦਲਵੀਰ ਸਿੰਘ ਢਿੱਲੋਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਵੀ ਪ੍ਰਗਤੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਬੰਧਿਤ ਉਚ ਅਧਿਕਾਰੀਆਂ ’ਤੇ ਕੋਈ ਵੀ ਕੰਮ ਨਾ ਹੋਣ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ, ਜਿਸ ਕਾਰਨ ਸਮਸਿਆਵਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਗੰਭੀਰ ਬਣ ਗਈ ਹੈ। ਸਰਕਾਰੀ ਹਸਪਤਾਲ ਧੂਰੀ ਵਿੱਚ ਡਾਕਟਰਾਂ ਦੀ ਘਾਟ ਹੋਣ ਕਰਕੇ ਮਰੀਜ਼ ਖੱਜਲ-ਖੁਆਰ ਹੋ ਰਹੇ ਹਨ, ਜਿਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸਰਬਜੀਤ ਸਿੰਘ ਚਰਨਜੀਤ ਸਿੰਘ ਕੈਂਥ, ਹਰਜਿੰਦਰ ਸਿੰਘ, ਐਸ ਪੀ ਸਿੰਗਲਾ, ਮੇਜਰ ਸਿੰਘ, ਇੰਦਰਜੀਤ ਸ਼ਰਮਾ, ਗੁਰਦਾਸ ਬਾਂਸਲ, ਸਤੀਸ਼ ਸਿੰਗਲਾ ਅਤੇ ਸੁਰਿੰਦਰ ਸ਼ਰਮਾ ਹਾਜ਼ਰ ਸਨ।