ਮਾਲੇਰਕੋਟਲਾ ’ਚ ਤਿੰਨ ਥਾਵਾਂ ’ਤੇ ਤਲਾਸ਼ੀ ਮੁਹਿੰਮ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 22 ਜੂਨ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇੰਸਪੈਕਟਰ ਜਨਰਲ ਪੁਲੀਸ ਜੀਆਰਪੀ ਪਟਿਆਲਾ ਬਲਜੋਤ ਸਿੰਘ ਰਾਠੌਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਵੱਲੋਂ ਜ਼ਿਲ੍ਹੇ ਦੇ ਤਿੰਨ ਵੱਖ -ਵੱਖ ਇਲਾਕਿਆਂ ’ਚ ਵਿਸ਼ੇਸ਼ ਕਾਰਡਨ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਸੀਨੀਅਰ ਕਪਤਾਨ ਪੁਲੀਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਕਪਤਾਨ ਪੁਲੀਸ ਇਨਵੈਸ਼ਟੀਗੇਸ਼ਨ ਸਤਪਾਲ ਸ਼ਰਮਾ, ਉਪ ਕਪਤਾਨ ਪੁਲੀਸ ਇਨਵੈਸਟੀਗੇਸ਼ਨ ਸਤੀਸ਼ ਕੁਮਾਰ ਅਤੇ ਉਪ ਕਪਤਾਨ ਪੁਲੀਸ ਸਪੈਸ਼ਲ ਬ੍ਰਾਂਚ ਰਣਜੀਤ ਸਿੰਘ ਵੱਲੋਂ 70 ਦੇ ਕਰੀਬ ਪੁਲੀਸ ਮੁਲਾਜ਼ਮਾਂ ਸਮੇਤ ਡਰੱਗ ਦੇ ਹੌਟ ਸਪੌਟ ਵਜੋਂ ਜਾਣੇ ਜਾਂਦੇ ਮਾਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ, ਸਬ ਡਿਵੀਜ਼ਨ ਅਹਿਮਦਗੜ੍ਹ ਦੇ ਪਿੰਡ ਕੰਗਣਵਾਲ ਅਤੇ ਪਿੰਡ ਬਾਗੜੀਆਂ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ।
ਜਰਗ ਚੌਕ ਨੇੜੇ ਆਈਜੀ ਬਲਜੋਤ ਸਿੰਘ ਰਾਠੌਰ ਨੇ ਦੱਸਿਆ ਕਿ ਨਾਜਾਇਜ਼ ਹਥਿਆਰਾਂ, ਨਸ਼ਾ ਤਸਕਰਾਂ ਅਤੇ ਨਕਲੀ ਸ਼ਰਾਬ ਆਦਿ ਵਿਰੁੱਧ ਚਲਾਈ ਇਸ ਮੁਹਿੰਮ ਦੌਰਾਨ ਕਈ ਸ਼ੱਕੀ ਘਰਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਪੁਲੀਸ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਰਦਿਆਂ ਕਿਹਾ ਕਿ ਜਿਹੜੇ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦੀ ਪੁਲੀਸ ਵੱਲੋਂ ਸਹਾਇਤਾ ਕੀਤੀ ਜਾਵੇਗੀ।