ਮਜ਼ਦੂਰ ਆਗੂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕੇਸ ’ਚ ਐੱਸਸੀਐੱਸਟੀ ਐਕਟ ਦਾ ਵਾਧਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਜੁਲਾਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਸਿੰਘ ਮੂਨਕ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਥਾਣਾ ਮੂਨਕ ਵਿੱਚ ਦਰਜ ਕੇਸ ਵਿੱਚ ਮੁਲਜ਼ਮਾਂ ਖ਼ਿਲਾਫ਼ ਐੱਸ.ਸੀ.ਐੱਸ.ਟੀ. ਐਕਟ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਇਲਾਕਾ ਆਗੂ ਗੋਪੀ ਗਿਰ ਕੱਲਰਭੈਣੀ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਵੇਂ ਮੂਨਕ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਪਰ ਜਨਤਕ ਜਥੇਬੰਦੀਆਂ ਲਾਈਆਂ ਧਾਰਾਵਾਂ ਤੋਂ ਸੰਤੁਸ਼ਟ ਨਹੀਂ ਸਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲ ਕੇ ਕੇਸ ਵਿੱਚ ਇਰਾਦਾ ਕਤਲ ਅਤੇ ਐੱਸਸੀਐੱਸਟੀ ਐਕਟ ਲਗਾਉਣ ਦੀ ਮੰਗ ਕੀਤੀ ਗਈ ਸੀ। ਆਗੂਆਂ ਨੇ ਦੱਸਿਆ ਕਿ ਪੰਚਾਇਤ ਦੇ ਨੁਮਾਇੰਦਿਆਂ ਵੱਲੋਂ ਮਜ਼ਦੂਰਾਂ ਦੀਆਂ ਸਬਜ਼ੀਆਂ ਉਜਾੜਨ ਦਾ ਖਦਸ਼ਾ ਜ਼ਾਹਰ ਕਰਦਿਆਂ ਐੱਸਸੀ ਭਾਈਚਾਰੇ ਵੱਲੋਂ ਲਿਖਤੀ ਪੱਤਰ ਡੀਡੀਪੀਓ ਸੰਗਰੂਰ ਨੂੰ ਦੇ ਕੇ ਵਾਟਰ ਵਰਕਸ ਲਈ ਪਾਸ ਕੀਤੇ ਮਤੇ ਦੀ ਕਾਪੀ ਮੰਗੀ ਗਈ ਸੀ ਤਾਂ ਕਿ ਮਤੇ ਅਨੁਸਾਰ ਜੇਕਰ ਵਾਟਰ ਵਰਕਸ ਲਈ ਕੋਈ ਹੋਰ ਥਾਂ ਪਾਸ ਕੀਤੀ ਗਈ ਹੈ ਤਾਂ ਉਹ ਥਾਂ ਵਿਹਲੀ ਕੀਤੀ ਜਾਵੇ ਪ੍ਰੰਤੂ ਕਿਸੇ ਵੱਲੋਂ ਵੀ ਇਸਦੀ ਕਾਪੀ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਸਾਲ 2023 ’ਚ ਗੁਰਦੁਆਰਾ ਸਾਹਿਬ ਵਿੱਚ ਭਰਤ ਪਾਉਣ ਦੇ ਨਾਂ ਹੇਠ ਮਜ਼ਦੂਰਾਂ ਦੀ ਸਹਿਮਤੀ ਤੋਂ ਬਗੈਰ ਹੀ ਮਜ਼ਦੂਰਾਂ ਵੱਲੋਂ ਬੀਜਿਆ ਸਰ੍ਹੋਂ ਦਾ ਖੇਤ ਉਜਾੜ ਦਿੱਤਾ ਗਿਆ ਸੀ। ਉਸ ਸਮੇਂ ਵੀ ਪੰਚਾਇਤ ਮਹਿਕਮੇ ਤੇ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ਼ ਕਾਰਵਾਈ ਨਹੀਂ ਸੀ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕਿ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲੇ ’ਚ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮਜ਼ਦੂਰਾਂ ਦੀਆਂ ਸਬਜ਼ੀਆਂ ਜਬਰੀ ਉਜਾੜਨ ਵਾਲਿਆਂ ਖਿਲਾਫ਼ ਵੀ ਐੱਸਸੀਐੱਸਟੀ ਐਕਟ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਜਾਵੇ।
ਐੱਸਐੱਚਓ ਵੱਲੋਂ ਪੁਸ਼ਟੀ
ਥਾਣਾ ਮੂਨਕ ਦੇ ਐੱਸ.ਐੱਚ.ਓ. ਜਗਤਾਰ ਸਿੰਘ ਨੇ ਕੇਸ ’ਚ ਜੁਰਮ ਵਾਧੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਰਭਗਵਾਨ ਗਿਰ ਵਾਸੀ ਮੂਨਕ ਦੇ ਤਰਮੀਮਾ ਬਿਆਨ ਦੇ ਆਧਾਰ ’ਤੇ ਕੇਸ ਨੰਬਰ 84 ਵਿੱਚ ਜੁਰਮ 3( 1) ਐੱਸ.ਟੀ.ਐੱਸ.ਟੀ. ਐਕਟ 1989 ਦਾ ਵਾਧਾ ਕੀਤਾ ਗਿਆ ਹੈ।