ਜ਼ਿਲ੍ਹਾ ਸੰਗਰੂਰ ’ਚ ਸਕੂਲ ਤੇ ਕਾਲਜ ਅੱਜ ਰਹਿਣਗੇ ਬੰਦ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਮਈ
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ, 1968 ਅਧੀਨ ‘ਮੌਕ ਡਰਿੱਲ’ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਸੰਗਰੂਰ ਦੀ ਹਦੂਦ ਵਿੱਚ ਆਉਂਦੇ ਸਮੂਹ ਸਰਕਾਰੀ/ ਪ੍ਰਾਈਵੇਟ/ ਏਡਿਡ ਸਕੂਲ/ ਕਾਲਜ/ ਯੂਨੀਵਰਸਿਟੀ/ਵਿਦਿਅਕ ਅਦਾਰੇ ਭਲਕੇ 12 ਮਈ ਨੂੰ ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅਧਿਆਪਕ ਆਪਣੇ ਘਰਾਂ ਤੋਂ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ ਐਲੀਮੈਂਟਰੀ) ਸੰਗਰੂਰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਨਾਉਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਜ਼ਿਲ੍ਹਾ ਸੰਗਰੂਰ ਵਿੱਚ ਸਾਰੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਇਕੱਠ ਜਾਂ ਭੀੜ ਨਾ ਕਰੋ, ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰੋ, ਉੱਚੀਆਂ ਇਮਾਰਤਾਂ ਵਿੱਚ ਜ਼ਿਆਦਾ ਹਲਚਲ ਨਾ ਕਰੋ, ਸ਼ਾਂਤ ਰਹੋ। ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ, ਅਫਵਾਹਾਂ ’ਤੇ ਵਿਸ਼ਵਾਸ ਨਾ ਕਰੋ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ ਸਾਵਧਾਨੀ ਦੇ ਉਪਾਅ ਹਨ। ਕਿਸੇ ਵੀ ਐਮਰਜੈਂਸੀ ਲੋੜ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ 01672-234128, 80545-45100, 80545-45200 ਨਾਲ ਸੰਪਰਕ ਕੀਤਾ ਜਾਵੇ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਭਾਵੇਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੀਜਫਾਇਰ ਹੋ ਗਿਆ ਹੈ, ਪਰ ਫਿਰ ਵੀ ਪੰਜਾਬ ਸਰਕਾਰ ਦੇ ਅਧਿਕਾਰੀ ਜੰਗ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ’ਚ ਹਨ। ਇਸ ਦੇ ਮੁਲਾਂਕਣ ਲਈ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਨੋਡਲ ਅਫਸਰ ਵਜੋਂ ਤਾਇਨਾਤ ਕੀਤੇ ਗਏ ਆਈਏਐਸ ਅਧਿਕਾਰੀ ਤੇ ਪ੍ਰਬੰਧਕੀ ਸਕੱਤਰ ਮੁਹੰਮਦ ਤਾਇਬ ਨੇ ਅੱਜ ਇੱਥੇ ਪਟਿਆਲਾ ਦੇ ਡਵੀਜਨਲ ਕਮਿਸ਼ਨਰ ਵਿਨੇ ਬੁਬਲਾਨੀ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਵਰੁਣ ਸ਼ਰਮਾ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਵਾਈ ਜਾਂ ਡਰੋਨ ਹਮਲੇ ਤੇ ਜੰਗ ਸਮੇਤ ਹੋਰ ਅਫ਼ਵਾਹਾਂ ’ਤੇ ਯਕੀਨ ਨਾ ਕਰਨ, ਸਗੋਂ ਪ੍ਰਸ਼ਾਸਨ ਨੂੰ ਸਹਿਯੋਗ ਕਰਦੇ ਹੋਏ ਸੁਰੱਖਿਆ ਯਕੀਨੀ ਬਣਾਉਣ।
ਮੁਹੰਮਦ ਤਾਇਬ ਨੇ ਡੀਸੀ ਅਤੇ ਹੋਰਾਂ ਪਾਸੋਂ, ਸਿਵਲ ਡਿਫੈਂਸ, ਮੌਕ ਡਰਿੱਲ, ਉਚੀਆਂ ਇਮਾਰਤਾਂ, ਸੁਰੱਖਿਅਤ ਥਾਵਾਂ, ਹਵਾਈ ਹਮਲੇ ਸਮੇਂ ਕਰੈਸ਼ ਬਲੈਕਆਉਟ, ਸਾਇਰਨਾਂ ਅਤੇ ਲੋਕਾਂ ਨੂੰ ਸੂਚਿਤ ਕਰਨ ਅਤੇ ਕੀਤੇ ਬਚਾਓ ਕਾਰਜਾਂ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ ਐੱਸਐੱਸਪੀ ਵਰੁਣ ਸ਼ਰਮਾ ਤੋਂ ਫ਼ੌਜ ਦੀ ਸੁਰੱਖਿਅਤ ਆਵਾਜਾਈ, ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ, ਧਰਮਸ਼ਾਲਾਵਾਂ, ਹੋਟਲਾਂ ਤੇ ਹੋਰ ਰੈਣ ਬਸੇਰਿਆਂ ਦੀ ਚੈਕਿੰਗ ਕਰਨ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਬਾਰੇ ਪੁੱਛਿਆ।
ਤਿੰਨਾ ਮੁੱਖ ਅਧਿਕਾਰੀਆਂ ਨੇ ਪ੍ਰਸ਼ਾਸਨ ਦੇ ਮੁਸਤੈਦ ਹੋਣ ਦੀ ਗੱਲ ਆਖੀ। ਇਸ ਮੌਕੇ ਐੱਸਪੀ ਵੈਭਵ ਚੌਧਰੀ, ਏਡੀਸੀ ਨਵਰੀਤ ਕੌਰ ਸੇਖੋਂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਸਮੇਤ ਅਧਿਕਾਰੀ ਮੌਜੂਦ ਸਨ।
ਅਫ਼ਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ: ਡੀਐੱਸਪੀ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੰਜਾਬ ਸਰਕਾਰ ਅਤੇ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਦਿੜ੍ਹਬਾ ਪੁਲੀਸ ਪੂਰੀ ਤਰ੍ਹਾਂ ਸਰਗਰਮ ਹੈ। ਇਹ ਗੱਲ ਦਿੜ੍ਹਬਾ ਦੇ ਡੀਐੱਸਪੀ ਡਾ. ਰੁਪਿੰਦਰ ਕੌਰ ਬਜਾਜ ਨੇ ਆਪਣੇ ਦਫ਼ਤਰ ਵਿੱਚ ਦਿੜ੍ਹਬਾ ਅਤੇ ਇਲਾਕੇ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹਨਾਂ ਇਲਾਕੇ ਦੇ ਲੋਕਾਂ ਨੂੰ ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅਪੂਰਨ ਮਹੌਲ ’ਚ ਝੂਠੀਆਂ ਅਫਵਾਹਾਂ ਵੱਲ ਧਿਆਨ ਨਾ ਦੇ ਕੇ ਡਰਨ ਦੀ ਥਾ ਚੌਕਸ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਲੋੜ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ, ਐਮਰਜੈਂਸੀ ਦੌਰਾਨ ਕਿਸੇ ਵੀ ਮੁਸ਼ਕਲ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਫੋਨ ਨੰਬਰਾਂ ਜਾਂ ਖੁਦ ਮੇਰੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਡੀਸੀ ਵੱਲੋਂ ਦੁਕਾਨਦਾਰਾਂ, ਵਪਾਰੀਆਂ ਨੂੰ ਦਿੱਤੀਆਂ ਹਦਾਇਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫ਼ੈਕਟਰੀਆਂ ਦੇ ਕਰਮਚਾਰੀਆਂ ਦੀ ਮੌਕ ਡਰਿੱਲ ਕਰਵਾਈ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਰਾਜਪੁਰਾ ਫ਼ੈਕਟਰੀਆਂ ਦੇ ਕਰਮਚਾਰੀਆਂ ਨੂੰ ਜੰਗਾਂ ਜਾਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮੁਢਲੀ ਸਿਖਲਾਈ ਦਿੰਦਿਆਂ ਮੌਕ ਡਰਿੱਲ ਕਰਵਾਈ ਗਈ। ਇੱਥੇ ਅੰਬਰ ਇੰਟਰਪ੍ਰਾਈਜਜ ਇੰਡੀਆ ਲਿਮਟਿਡ ਦੇ ਸੀ ਈ ਓ ਅਰਵਿੰਦ ਕੁਮਾਰ ਸਿੰਘ, ਪਲਾਂਟ ਹੈਂਡ ਹਰਸਿਮਰਨ ਪਾਲ ਸਿੰਘ, ਰਾਮ ਸਰੂਪ, ਤਾਰੁਨ ਕੁਮਾਰ, ਚੇਤਨ ਕੁਮਾਰ, ਮਨਜ਼ੂਰ ਅਲੀ ਕਰਮਜੀਤ ਸਿੰਘ ਅਤੇ ਵਿਨੋਦ ਰਾਵਤ ਦੀ ਸਰਪ੍ਰਸਤੀ ਹੇਠ ਮੌਕ ਡਰਿੱਲ ਕਰਵਾਈ ਗਈ। ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਦੇ ਕੰਪਨੀ ਕਮਾਂਡਰ ਮੋਹਨਦੀਪ ਸਿੰਘ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫ਼ਸਟ ਏਡ ਟਰੇਨਰ, ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਜੰਗਾਂ ਦੌਰਾਨ ਡਿੱਗਣ ਵਾਲ਼ੇ ਬੰਬਾਂ, ਮਿਜ਼ਾਈਲਾਂ ਰਾਹੀਂ ਫੈਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ, ਬਹੁਤ ਜ਼ਿਆਦਾ ਤੇਜ਼ ਤਪਸ਼ ਤੋਂ ਬਚਣ, ਮੱਲਬਿਆਂ ਵਿਚੋਂ ਪੀੜਤਾਂ ਨੂੰ ਰੈਸਕਿਯੂ ਕਰਕੇ ਮਰਨ ਤੋਂ ਬਚਾਉਣ ਅਤੇ ਪੀੜਤਾਂ ਨੂੰ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦਿੱਤੀ।
ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਦੇਸ਼ ਭਰ ’ਚ ਤਣਾਅਪੂਰਨ ਹਾਲਤਾਂ ਦੇ ਮੱਦੇਨਜ਼ਰ ਹਲਕਾ ਰਾਜਪੁਰਾ ਵਾਸੀਆਂ ਨੂੰ ਸਹਿਣਸ਼ੀਲਤਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਹਾਲਾਤ ਦੇਸ਼ ਭਰ ਵਿੱਚ ਚਿੰਤਾ ਦਾ ਵਿਸ਼ਾ ਹਨ ਅਤੇ ਅਜਿਹੀ ਸਥਿਤੀ ਵਿੱਚ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਹਿਯੋਗ ਦੇਣ ਅਤੇ ਸ਼ਾਂਤਮਈ ਵਾਤਾਵਰਨ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਹਰੇਕ ਨਾਗਰਿਕ ਲਈ ਜ਼ਰੂਰੀ ਹੈ।