ਸ਼ਹੀਦ ਬਾਬਾ ਸੁੱਧਾ ਸਿੰਘ ਦੇ ਨਾਂਅ ’ਤੇ ਰੱਖਿਆ ਸਕੂਲ ਦਾ ਨਾਂ
ਪੰਜਾਬ ਸਰਕਾਰ ਨੇ ਮਿਸਲ ਸ਼ਹੀਦਾਂ ਦੇ ਜਥੇਦਾਰ ਸ਼ਹੀਦ ਬਾਬਾ ਸੁੱਧਾ ਸਿੰਘ ਦੀ ਮਹਾਨ ਸ਼ਹਾਦਤ ਨੂੰ ਸਦੀਵੀਂ ਬਣਾਉਣ ਲਈ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਦਾ ਨਾਂ ਸ਼ਹੀਦ ਬਾਬਾ ਸੁੱਧਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਰੱਖ ਦਿੱਤਾ ਹੈ। ਵੱਡੇ ਘੱਲੂਘਾਰੇ ਦੌਰਾਨ ਸਿੱਖਾਂ ਦੇ ਜਥੇ ਦੀ ਅਗਵਾਈ ਕਰਨ ਵਾਲੇ ਜਥੇਦਾਰ ਬਾਬਾ ਸੁੱਧਾ ਸਿੰਘ 11 ਨਵੰਬਰ 1757 ਨੂੰ ਬਾਬਾ ਦੀਪ ਸਿੰਘ ਦੀ ਦਰਬਾਰ ਸਾਹਿਬ ਪਰਿਕਰਮਾਂ ਵਿਚ ਪਹੁੰਚ ਕੇ ਹੋਈ ਮਹਾਨ ਸ਼ਹਾਦਤ ਤੋਂ ਬਾਅਦ ਮਿਸਲ ਸ਼ਹੀਦਾਂ ਦੇ ਜਥੇਦਾਰ ਬਣੇ ਸਨ ਜੋ 1762 ਵਿਚ ਸ਼ਹੀਦ ਹੋ ਗਏ। ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੱਸਿਆ। ਸਕੂਲ ਦਾ ਨਾਂ ਸ਼ਹੀਦ ਬਾਬਾ ਸੁੱਧਾ ਸਿੰਘ ਦੇ ਨਾਂਅ ’ਤੇ ਰੱਖਣ ਲਈ ਸਾਬਕਾ ਸਰਪੰਚ ਗੁਰਲਵਲੀਨ ਸਿੰਘ ਲਵਲੀ, ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁਠਾਲਾ, ਸ਼ਹੀਦੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਖਜ਼ਾਨਚੀ ਗੋਬਿੰਦ ਸਿੰਘ ਫੌਜੀ, ਸਰਪੰਚ ਮਨਜਿੰਦਰ ਲਿੱਟ, ‘ਆਪ’ ਆਗੂ ਰਾਜੂ ਕੁਠਾਲਾ, ਪੰਚ ਪਰਮਜੀਤ ਕੌਰ, ਬਾਬੂ ਸੁਭਾਸ਼ ਚੰਦਰ ਸਿੰਗਲਾ, ਸ਼ਹੀਦੀ ਵੈਲਫੇਅਰ ਕਲੱਬ ਦੇ ਆਗੂ ਮਨਿੰਦਰ ਸਿੰਘ ਚਹਿਲ ਅਤੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।