ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੀ ਸਕੱਤਰ ਸਕੂਲ ਸਿੱਖਿਆ ਨਾਲ (ਚੰਡੀਗੜ੍ਹ) ਵਿੱਚ ਮੀਟਿੰਗ ਹੋਈ, ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ ਆਧਾਰਿਤ ਆਗੂਆਂ ਦਾ ਵਫਦ ਸ਼ਾਮਲ ਹੋਇਆ।
ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਤੇ ਹੋਰ ਆਗੂਆਂ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਸੰਜੀਦਗੀ ਨਾਲ ਅਧਿਆਪਕ ਮੰਗਾਂ ਤੇ ਗੱਲਬਾਤ ਕੀਤੀ। ਸਿੱਖਿਆ ਸਕੱਤਰ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਕਿ ਪ੍ਰੀ-ਪ੍ਰਾਇਮਰੀ ਤੋਂ ਬੀਪੀਈਓ ਤੱਕ ਜ਼ਿਲ੍ਹਾ ਕਾਡਰ ਹੋਵੇਗਾ। ਸਪੈਸ਼ਲ ਐਜੂਕੇਟਰ ਵਜੋਂ ਪ੍ਰਾਇਮਰੀ ਵਿੱਚ 1950 ਅਤੇ ਸੈਕੰਡਰੀ ਵਿੱਚ 1650 ਅਸਾਮੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ 180 ਈਟੀਟੀ ਅਧਿਆਪਕਾਂ ’ਤੇ ਪੰਜਾਬ ਦੇ ਸਕੇਲ ਲਾਗੂ ਕਰਨ ਦਾ ਮਾਮਲਾ ਵਿੱਤ ਵਿਭਾਗ ਦੇ ਵਿਚਾਰ ਅਧੀਨ ਹੋਣ, ਰਹਿੰਦੇ 120 ਸਿੱਖਿਆ ਵਲੰਟੀਅਰਾਂ ਨੂੰ ਜਲਦ ਪੱਕਾ ਕਰਨ , 31 ਦਸੰਬਰ 2025 ਤੱਕ 10 ਸਾਲ ਦੀ ਠੇਕਾ ਆਧਾਰਿਤ ਸੇਵਾ (ਦੋ ਸਾਲ ਦੇ ਕੋਰਸ ਦੇ ਸਮੇਂ ਸਮੇਤ) ਪੂਰੀ ਕਰਨ ਵਾਲਿਆਂ ਨੂੰ ਪੱਕਾ ਕਰਨ, ਐਸੋਸੀਏਟ ਅਧਿਆਪਕਾਂ ਅਤੇ ਅਸਿਸਟੈਂਟ ਐਸੋਸੀਏਟ ਅਧਿਆਪਕਾਂ ਦੇ ਸੇਵਾ ਨਿਯਮ ਬਣਾਉਣ ਲਈ ਕੋਸਿਸ਼ ਕਰਨ ਤੇ ਹੋਰ ਮੰਗਾਂ ਬਾਰੇ ਭਰੋਸਾ ਦਿੱਤਾ।