ਕਾਲਜ ਕੈਂਪਸ ਵਿੱਚ ਬੂਟੇ ਲਾਏ
ਲਹਿਰਾਗਾਗਾ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖਣ ਲਈ ਸੰਸਥਾ ਵੱਲੋਂ ਚਲਾਏ ਜਾ ਰਹੇ ਚੌਗਿਰਦਾ ਮਿਸ਼ਨ ਅਧੀਨ ਕਾਲਜ ਕੈਂਪਸ ਦੇ ਨੇੜਲੇ ਇਲਾਕੇ ਵਿਚ ਬੂਟੇ ਲਗਾਏ ਗਏ। ਕਾਬਲੇਗੌਰ ਹੈ ਕਿ ਆਪਣੀ ਸਥਾਪਿਤੀ ਦੇ ਸਾਲ 2015 ਤੋਂ ਲੈ ਕੇ ਹੁਣ ਤੱਕ ਹਰ ਸਾਲ ਚੌਗਿਰਦਾ ਮਿਸ਼ਨ ਅਧੀਨ 5000 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਰੱਖਿਆ ਜਾਂਦਾ ਹੈ। ਕਾਲਜ ਪ੍ਰਿੰਸੀਪਲ ਰੋਹਿਤ ਵਾਲੀਆ ਨੇ ਦੱਸਿਆ ਕਿ ਵਾਤਾਵਰਨ ਨੂੰ ਬਚਾਉਣ ਤੇ ਸ਼ੁੱਧ ਤੇ ਸਾਫ਼ ਰੱਖਣ ਲਈ ਕਾਲਜ ਵੱਲੋਂ ਚੌਗਿਰਦਾ ਮਿਸ਼ਨ ਸ਼ੁਰੂ ਕਰਕੇ ਬੂਟੇ ਲਗਾਏ ਜਾਂਦੇ ਹਨ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਅੱਜ ਦੇ ਸਮੇਂ ਵਿਚ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ। -ਪੱਤਰ ਪ੍ਰੇਰਕ
ਨੈਣਾ ਦੇਵੀ ਵਿਖੇ ਲੰਗਰ ਲਈ ਟਰੱਕ ਰਵਾਨਾ
ਅਮਰਗੜ੍ਹ: ਪਿਛਲੇ 56 ਸਾਲਾਂ ਤੋਂ ਦੁਰਗਾ ਸੇਵਾ ਦਲ ਅਮਰਗੜ੍ਹ ਵਲੋਂ ਸਾਉਣ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀ ਪੀਠ ਨੈਣਾ ਦੇਵੀ ਵਿਖੇ ਮੇਲੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ। ਇਸ ਲੜੀ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਵੀ ਪ੍ਰਧਾਨ ਦੁਰਗਾ ਦਾਸ ਦੀ ਅਗਵਾਈ ਵਿੱਚ ਰਾਸ਼ਨ ਸਮੱਗਰੀ ਦਾ ਟਰੱਕ ਨੈਣਾ ਦੇਵੀ ਜਾਣ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਸਾਲ ਦੁਰਗਾ ਸੇਵਾ ਦਲ ਦਾ ਇਹ 57 ਵਾਂ ਲੰਗਰ ਹੋਵੇਗਾ ਜਿਸ ਵਿਚ ਮੁੱਖ ਭੂਮਿਕਾ ਨਿਭਾਉਣ ਲਈ ਨਸੀਬ ਸ਼ਰਮਾ, ਬੌਬੀ ਚਾਂਗਲੀ, ਰਮਨ ਸ਼ਰਮਾ, ਬਿੰਦਰ ਚਾਂਗਲੀ, ਦੀਪਕ ਚਾਂਗਲੀ, ਜੀਵਨ ਸਿੰਘ, ਮੱਖਣ ਸਿੰਘ, ਬੱਬੂ ਖਾਨ, ਵਿਕਰਮ ਰਿਹਾਨ ਲਵ ਕੁਸ਼ ਅਤੇ ਹੋਰ ਸੇਵਾਦਾਰ ਆਪਣੀਆਂ ਸੇਵਾਵਾਂ ਦੇਣ ਲਈ ਜਾ ਰਹੇ ਹਨ। -ਪੱਤਰ ਪ੍ਰੇਰਕ
ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦਾ ਸੂਬਾਈ ਇਜਲਾਸ 4 ਨੂੰ
ਭਵਾਨੀਗੜ੍ਹ: ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ 4 ਅਗਸਤ ਨੂੰ ਗੁਰਾਇਆ ਦੇ ਸ਼ਿੰਗਾਰ ਪੈਲੇਸ ਵਿਚ ਸੂਬਾ ਪੱਧਰੀ ਚੋਣ ਇਜਲਾਸ ਕਰਵਾਇਆ ਜਾਵੇਗਾ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਇਸ ਚੋਣ ਇਜਲਾਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਡੈਲੀਗੇਟ ਸੂਬਾ ਪ੍ਰਧਾਨ ਦੀ ਚੋਣ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਚੋਣ ਨੂੰ ਲੈ ਕੇ ਪੂਰੇ ਪੰਜਾਬ ਵਿਚ ਸੂਬਾ ਆਗੂਆਂ ਵਲੋਂ ਮੀਟਿੰਗਾਂ ਕਰਦਿਆਂ ਹਰ ਸ਼ਹਿਰ ਦੀ ਇਕਾਈ ਦੇ ਡੈਲੀਗੇਟਾਂ ਨੂੰ ਇਸ ਚੋਣ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 1952 ਤੋਂ ਚੱਲ ਰਹੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਚੋਣ ਹਰ 2 ਸਾਲਾਂ ਬਾਅਦ ਕਰਵਾਈ ਜਾਂਦੀ ਹੈ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਸੰਜੀਵ ਲੇਖੀ, ਸੂਬਾ ਕੈਸ਼ੀਅਰ ਜਗਦੀਸ਼ ਤਾਇਲ, ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਗੋਰਾ ਅਤੇ ਸੀਨੀਅਰ ਆਗੂ ਬੀ.ਐਲ ਯਾਦਵ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਵਿਧਾਇਕ ਵੱਲੋਂ ਨਸ਼ਿਆਂ ਦੇ ਖ਼ਾਤਮੇ ਦਾ ਸੱਦਾ
ਮਾਲੇਰਕੋਟਲਾ: ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਕਜੁੱਟ ਹੋ ਕੇ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਲਗਾਤਾਰ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ। ਵਿਧਾਇਕ ਵੱਲੋਂ ਸਥਾਨਕ ਮੁਹੱਲਾ ਪੱਥਰਾਂ ਵਾਲਾ ਅਤੇ 786 ਚੌਂਕ ਦੇ ਕਮਿਊਨਿਟੀ ਹਾਲ ਵਿਖੇ ਲੋਕਾਂ ਨੂੰ ਨਸ਼ੇ ਦੀ ਅਲਾਮਤ ਪ੍ਰਤੀ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਨਸ਼ਿਆਂ ਦੇ ਕੋਹੜ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਂਝੇ ਤੌਰ ’ਤੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਅਤੇ ਨਸ਼ਾ ਤਸਕਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਕਮ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਿਬ ਅਲੀ ਰਾਜਾ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਉਪਰਾਲਿਆਂ ਵਿੱਚ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ
ਹਾਦਸਾ ਪੀੜਤਾਂ ਦੀ ਮਾਲੀ ਮਦਦ
ਅਮਰਗੜ੍ਹ: ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਸਰਪੰਚ ਮਨਪ੍ਰੀਤ ਸਿੰਘ ਨੰਗਲ ਵਲੋਂ ਹਾਦਸੇ ਵਿਚ ਅੰਗ ਗੁਆ ਚੁੱਕੇ ਵਿਅਕਤੀਆਂ ਨੂੰ ਮਾਲੀ ਸਹਾਇਤਾ ਦਿੱਤੀ ਗਈ। ਇਸ ਦੌਰਾਨ ਲਾਭਪਾਤਰੀ ਜੀਤ ਸਿੰਘ ਪੁੱਤਰ ਛੋਟਾ ਸਿੰਘ ਹੁਸੈਨਪੁਰਾ ਨੂੰ 36000, ਰੁਪਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਨੂੰ 48000 ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਮੌਕੇ ਹਰਿੰਦਰ ਸਿੰਘ ਟਿਵਾਣਾ, ਲਖਵੀਰ ਸਿੰਘ ਬਾਬਲੀ ਗੱਜਣ ਮਾਜਰਾ, ਸੁਰਜੀਤ ਸਿੰਘ ਗੱਜਣ ਮਾਜਰਾ ਹਾਜ਼ਰ ਸਨ। -ਪੱਤਰ ਪ੍ਰੇਰਕ
ਡਾ. ਭੀਮ ਇੰਦਰ ਦਾ ਸਨਮਾਨ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ.ਭੀਮ ਇੰਦਰ ਨੂੰ ਯੁਵਕ ਭਲਾਈ ਵਿਭਾਗ ਦਾ ਡਾਇਰੈਕਟਰ ਬਣਨ ਤੇ ਸ਼ਹੀਦ ਕਰਤਾਰ ਸਿੰਘ ਵੈੱਲਫੇਅਰ ਟਰੱਸਟ ਵੱਲੋਂ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਦੀ ਅਗਵਾਈ ਵਿੱਚ ਇੰਨਡੋਰ ਬੂਟਾ ਦੇ ਕੇ ਵਧਾਈ ਦਿੱਤੀ ਗਈ। ਇਸ ਮੌਕੇ ਨਿਸ਼ਾਨੇਬਾਜ਼ ਸਾਕਸ਼ੀ ਜੋ ਕਿ ਸਰਕਾਰੀ ਸਕੂਲ ਤ੍ਰਿਪੜੀ ਦੀ ਵਿਦਿਆਰਥਣ ਹੈ ਨੂੰ ਅੱਜ ਟਰੱਸਟ ਵੱਲੋਂ ਦਸ ਹਜ਼ਾਰ ਰੁਪਏ ਦੀ ਰਾਸ਼ੀ,ਟਰਾਫ਼ੀ, ਮੈਡਲ ਅਤੇ ਕਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਕਿਹਾ ਕਿ ਟਰੱਸਟ ਪ੍ਰਧਾਨ ਨੇ ਦੱਸਿਆ ਕਿ ਡਾ.ਭੀਮਇੰਦਰ ਸਾਦਗੀ ਭਰਪੂਰ ਅਤੇ ਇਮਾਨਦਾਰ ਸ਼ਖ਼ਸੀਅਤ ਹਨ। ਇਸ ਮੌਕੇ ਰਿੰਕੂ ਮੋਦਗਿੱਲ, ਕਿਰਨ ਸ਼ਰਮਾ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਸੁਮਨ ਗੋਇਲ, ਹਰਵਿੰਦਰ ਕੌਰ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਪ 29 ਨੂੰ
ਦੇਵੀਗੜ੍ਹ: ਕੰਬੋਜ ਮਹਾਂਸਭਾ ਬਲਾਕ ਭੁੰਨਰਹੇੜੀ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਧਾਲੀਵਾਲ ਦੀ ਵਰਲਡ ਕੈਂਸਰ ਕੇਅਰ ਟੀਮ ਵੱਲੋਂ ਸ਼ਹੀਦ ਊਧਮ ਸਿੰਘ ਕੰਬੋਜ ਦੀ ਸ਼ਹਾਦਤ ਨੂੰ ਸਮਰਪਿਤ ਦੇਵੀਗੜ੍ਹ ਦੇ ਸੰਗਮ ਪੈਲਸ ਵਿਖੇ ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਸਬੰਧੀ 29 ਜੁਲਾਈ ਨੂੰ ਜੋ ਕੈਂਪ ਲਗਾਇਆ ਜਾ ਰਿਹਾ ਹੈ। ਲੋਕ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ। ਮਾਤਾ ਗੁਜਰੀ ਸਕੂਲ ਦੇ ਡਾਇਰੈਕਟਰ ਤੇ ਕੰਬੋਜ ਮਹਾਂਸਭਾ ਦੇ ਆਗੂ ਭੁਪਿੰਦਰ ਸਿੰਘ ਕੰਬੋਜ, ਮਹਾਂਸਭਾ ਦੇ ਪ੍ਰਧਾਨ ਸਵਿੰਦਰ ਸਿੰਘ ਧੰਜੂ, ਜਨਰਲ ਸਕੱਤਰ ਦਵਿੰਦਰ ਸਿੰਘ ਮਾੜੂ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਜੀਤ ਸਿੰਘ ਮੀਰਾਂਪੁਰ ਨੇ ਦੱਸਿਆ ਹੈ ਕਿ ਕੈਂਪ ਵਿਚ ਕੈਂਸਰ ਦੇ ਟੈਸਟ ਮੁਫ਼ਤ ਹੋਣਗੇ। -ਪੱਤਰ ਪ੍ਰੇਰਕ