ਸਫ਼ਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਦੀ ਚਿਤਾਵਨੀ
ਡੋਰ-ਟੂ-ਡੋਰ ਕੂਡ਼ਾ ਇਕੱਠਾ ਕਰਨ ਦਾ ਕੰਮ ਠੇਕੇ ’ਤੇ ਦੇਣ ਦੇ ਫੈਸਲੇ ਤੋਂ ਖਫ਼ਾ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਸ਼ਹਿਰ ਵਿਚ ਕੂੜੇ ਨੂੰ ਡੋਰ-ਟੂ-ਡੋਰ ਇਕੱਠਾ ਕਰਨ ਅਤੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਦੋ ਸਾਲ ਲਈ ਠੇਕੇ ’ਤੇ ਦੇਣ ਦੇ ਫੈਸਲੇ ਖਿਲਾਫ਼ ਸਫ਼ਾਈ ਸੇਵਕ ਯੂਨੀਅਨ ਨੇ ਅਣਮਿਥੇ ਸਮੇਂ ਦੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ।
ਯੂਨੀਅਨ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਭੇਜੇ ਮੰਗ ਪੱਤਰ ਵਿਚ ਈ ਓ, ਪ੍ਰਧਾਨ ਅਤੇ ਸ਼ਹਿਰ ਦੇ ਸਮੂਹ ਨਗਰ ਕੌਂਸਲਰਾਂ ਤੋਂ ਮੰਗ ਕੀਤੀ ਹੈ ਕਿ 26 ਨਵੰਬਰ ਨੂੰ ਨਗਰ ਕੌਂਸਲ ਦੀ ਮੀਟਿੰਗ ਵਿਚ ਇਸ ਕੰਮ ਦੇ ਮਤੇ ਨੂੰ ਪਾਸ ਨਾ ਕੀਤਾ ਜਾਵੇ।
ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕੁਮਾਰ, ਸਕੱਤਰ ਰਾਜੇਸ਼ ਕੁਮਾਰ, ਸ਼ਹਿਰੀ ਇਕਾਈ ਪ੍ਰਧਾਨ ਅਜੇ ਨੇ ਨਗਰ ਕੌਸਲ ਦੇ ਪ੍ਰਧਾਨ ਅਤੇ ਸਮੂਹ ਨਗਰ ਕੌਂਸਲਰਾਂ ਤੋਂ ਮੰਗ ਕੀਤੀ ਕਿ ਡੋਰ-ਟੂ-ਡੋਰ ਕੂੜੇ ਦੇ ਠੇਕੇਦਾਰੀ ਸਿਸਟਮ ਨੂੰ ਮੀਟਿੰਗ ਦੌਰਾਨ ਪ੍ਰਸ਼ਾਸਕੀ ਪ੍ਰਵਾਨਗੀ ਨਾ ਦਿੱਤੀ ਜਾਵੇ।
ਸਫਾਈ ਸੇਵਕ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 26 ਨਵੰਬਰ ਨੂੰ ਨਗਰ ਕੌਂਸਲ ਦੀ ਮੀਟਿੰਗ ਵਿੱਚ ਠੇਕੇਦਾਰੀ ਸਿਸਟਮ ਦਾ ਮਤਾ ਪਾਸ ਕੀਤਾ ਗਿਆ ਤਾਂ 27 ਨਵੰਬਰ ਤੋਂ ਸਫ਼ਾਈ ਸੇਵਕ ਕੰਮਕਾਜ ਠੱਪ ਕਰਕੇ ਅਣਮਿਥੇ ਸਮੇਂ ਦੀ ਹੜਤਾਲ ’ਤੇ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਉਪ ਚੇਅਰਮੈਨ ਅਜੀਤ, ਖ਼ਜ਼ਾਨਚੀ ਸੁਰੇਸ ਕੁਮਾਰ, ਸੀਨੀਅਰ ਮੀਤ ਪ੍ਰਧਾਨ ਨਾਥ, ਮੀਤ ਪ੍ਰਧਾਨ ਸੁਰੇਸ ਕੁਮਾਰ, ਪ੍ਰੈੱਸ ਸਕੱਤਰ ਅਮਿਤ ਕੁਮਾਰ ਅਤੇ ਸੰਜੇ ਮੌਜੂਦ ਸਨ।

