ਸਫ਼ਾਈ ਸੇਵਕਾਂ ਵੱਲੋਂ ਕੂੜੇ ਦੇ ਟੈਂਡਰ ਨਿੱਜੀ ਹੱਥਾਂ ’ਚ ਦੇਣ ਦਾ ਵਿਰੋਧ
ਕੌਂਸਲ ਦਫ਼ਤਰ ਅੱਗੇ ਹਡ਼ਤਾਲ ’ਤੇ ਡਟੇ ਮੁਲਾਜ਼ਮ; ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਕੰਮਕਾਜ ਠੱਪ ਕਰਦਿਆਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸਫ਼ਾਈ ਸੇਵਕਾਂ ਵਲੋਂ ਅੱਜ ਨਗਰ ਕੌਂਸਲ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹੜਤਾਲੀ ਸਫ਼ਾਈ ਸੇਵਕ ਪੰਜਾਬ ਸਰਕਾਰ ਵਲੋਂ ਨਿੱਜੀ ਹੱਥਾਂ ਵਿੱਚ ਕੂੜੇ ਦੇ ਟੈਂਡਰ ਦੇਣ ਦੇ ਲਏ ਗਏ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਰੱਦ ਨਹੀਂ ਕਰਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਅਤੇ ਲੋਕਲ ਪ੍ਰਧਾਨ ਅਜੇ ਬੇਦੀ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੂੜੇ ਦੇ ਟੈਂਡਰ ਦੇਣ ਦਾ ਫੈਸਲਾ ਲਿਆ ਗਿਆ ਹੈ। ਸਫ਼ਾਈ ਸੇਵਕਾਂ ਦੀਆਂ ਬਕਾਇਆ ਮੰਗਾਂ ਵੀ ਜਿਉਂ ਦੀ ਤਿਉਂ ਲਟਕ ਰਹੀਆਂ ਹਨ ਜਿਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਪਰ ਹੁਣ ਕੂੜੇ ਦੇ ਟੈਂਡਰ ਲਗਾ ਕੇ ਪੰਜਾਬ ਸਰਕਾਰ ਨੇ ਸਫ਼ਾਈ ਸੇਵਕ ਵਿਰੋਧੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਪਿਛਲੀ ਸਰਕਾਰ ਸਮੇਂ ਵੀ 52 ਦਿਨ ਕੰਮਕਾਜ ਠੱਪ ਕਰਕੇ ਹੜਤਾਲ ਕੀਤੀ ਸੀ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਵਲੋਂ ਵਿਚਾਰ ਕਰਕੇ ਠੇਕੇਦਾਰ ਸਿਸਟਮ ਖਤਮ ਕੀਤਾ ਗਿਆ ਅਤੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸੰਨ 2021 ਵਿਚ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਹੜਤਾਲ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਧਰਨਿਆਂ ਵਿਚ ਆ ਕੇ ਭਰੋਸਾ ਦਿੰਦੇ ਹੁੰਦੇ ਸੀ ਕਿ ‘ਆਪ’ ਸਰਕਾਰ ਬਣਨ ’ਤੇ ਠੇਕੇਦਾਰੀ ਸਿਸਟਮ ਰੱਦ ਕੀਤਾ ਜਾਵੇਗਾ ਅਤੇ ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਹੋਰ ਬਰਾਂਚਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇਗਾ ਪਰ ਹੁਣ ‘ਆਪ’ ਸੱਤਾ ਦੇ ਨਸ਼ੇ ਵਿਚ ਆਪਣੇ ਵਾਅਦੇ ਭੁੱਲ ਗਈ ਹੈ ਅਤੇ ਸਫ਼ਾਈ ਸੇਵਕਾਂ ਅਤੇ ਮੁਲਾਜ਼ਮਾਂ ਦੀ ਪਿੱਠ ਵਿਚ ਛੁਰਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਕੂੜੇ ਦੇ ਟੈਂਡਰਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਕੂੜੇ ਦੇ ਟੈਂਡਰਾਂ ਬਾਰੇ ਲਿਆ ਫੈਸਲਾ ਰੱਦ ਨਹੀਂ ਕਰਦੀ ਉਦੋਂ ਤੱਕ ਸਫ਼ਾਈ ਪ੍ਰਬੰਧਾਂ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰੱਖਿਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਊਸ਼ਾ ਦੇਵੀ, ਜਨਰਲ ਸਕੱਤਰ ਰਮੇਸ਼ ਕੁਮਾਰ, ਮੀਤ ਪ੍ਰਧਾਨ ਸੁਰੇਸ਼ ਬੇਦੀ, ਮੀਤ ਪ੍ਰਧਾਨ ਪੰਜਾਬ ਨਾਥਾ ਰਾਮ, ਖੇਤਰੀ ਪ੍ਰਧਾਨ ਰਮੇਸ਼ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਅਜੀਤ ਕੁਮਾਰ ਅਤੇ ਉਪ ਚੇਅਰਮੈਨ ਅਜੀਤ ਕੁਮਾਰ ਆਦਿ ਸ਼ਾਮਲ ਸਨ।