ਸੰਗਰੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ ਡੀ ਸੀ ਨੂੰ ਮਿਲਿਆ
ਖਰੀਦ ਏਜੰਸੀਆਂ ਅਤੇ ਐੱਫ ਸੀ ਆਈ ਦੇ ਨਮੀ ਦੀ ਮਾਤਰਾ ਚੈੱਕ ਕਰਨ ਵਾਲੇ ਮੀਟਰਾਂ ’ਚ ਫਰਕ ਦੂਰ ਕਰਾਉਣ ਦੀ ਮੰਗ
ਸੰਗਰੂਰ ਲੋਕਲ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ ਝੋਨੇ ਦੇ ਸੀਜ਼ਨ ਦੌਰਾਨ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਰਾਈਸ ਮਿੱਲਰਜ਼ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਸੰਗਰੂਰ ਲੋਕਲ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਦੀ ਅਗਵਾਈ ਹੇਠ ਮਿਲੇ ਵਫ਼ਦ ਵਿੱਚ ਸੌਰਵ ਗੋਇਲ, ਅੰਕੁਰ ਗਰਗ, ਅਮਿਤ ਗੋਇਲ, ਯਾਦਵਿੰਦਰ ਗੋਰਾ, ਅੰਮ੍ਰਿਤਪਾਲ ਸਿੰਘ, ਜੋਗਿੰਦਰ ਕੁਮਾਰ ਨਿੱਕਾ, ਅੰਕਿਤ ਬਾਂਸਲ, ਦਿਨੇਸ਼ ਕੁਮਾਰ ਬਬਲੂ, ਪਰਮਜੀਤ ਸ਼ਰਮਾ ਤੇ ਗਗਨਦੀਪ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਖਰੀਦ ਏਜੰਸੀਆਂ ਵਲੋਂ ਵਰਤੇ ਜਾਣ ਵਾਲੇ ਨਮੀ ਦੀ ਮਾਤਰਾ ਵਾਲੇ ਮੀਟਰ ਦਾ ਐੱਫ ਸੀ ਆਈ ਦੇ ਮੀਟਰ ਨਾਲੋਂ ਤਿੰਨ ਤੋਂ ਚਾਰ ਡਿਗਰੀ ਦਾ ਫਰਕ ਪਾਇਆ ਜਾ ਰਿਹਾ ਹੈ ਜਿਸ ਨਾਲ ਮੰਡੀ ਅਤੇ ਸ਼ੈਲਰ ਦੀ ਨਮੀ ਦੀ ਮਾਤਰਾ ਵਿਚ ਵੱਡਾ ਫਰਕ ਹੋਣ ਕਾਰਨ ਸ਼ੈਲਰ ਮਾਲਕ ਜ਼ੀਰੀ ਸਟੋਰੇਜ਼ ਕਰਾਉਣ ਤੋਂ ਅਸਮਰੱਥ ਹਨ ਕਿਉਂਕਿ ਇਹ ਜ਼ੀਰੀ ਸਰਕਾਰ ਦੇ ਮਾਪਦੰਡਾਂ ਦੀ ਪੂਰਤੀ ਨਹੀਂ ਕਰਦੀ। ਇਸ ਲਈ ਨਮੀ ਦੀ ਮਾਤਰਾ ਵਾਲੇ ਮੀਟਰ ਦੀ ਮੁੜ ਕੈਲੀਬਰੇਸ਼ਨ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਐੱਫ ਸੀ ਆਈ ਦੁਆਰਾ ਨਿਰਧਾਰਿਤ ਮਾਪਦੰਡਾਂ ਅਨੁਸਾਰ 17 ਫੀਸਦੀ ਨਮੀ ਵਾਲਾ ਝੋਨਾ ਅਤੇ ਉਹਨ੍ਹਾਂ ਦੇ ਬਾਕੀ ਮਾਪਦੰਡਾਂ ਅਨੁਸਾਰ ਹੀ ਝੋਨੇ ਦੀ ਖਰੀਦ ਕੀਤੀ ਜਾਵੇ ।