ਸਾਹਿਤ ਸਿਰਜਣਾ ਮੰਚ ਵੱਲੋਂ ਭੋਲਾ ਸਿੰਘ ਸੰਘੇੜਾ ਨਾਲ ਰੂ-ਬ-ਰੂ
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ੍ਹ ਵਿੱਚ ਲੇਖਕ ਭੋਲਾ ਸਿੰਘ ਸੰਘੇੜਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਅਤੇ ਕੁਲਵੰਤ ਸਿੰਘ ਖਨੌਰੀ ਨੇ ਕੀਤੀ। ਜ਼ਹਿਰ ਦਾ ਘੁੱਟ ਅਤੇ ਰੇਤ ਦੀਆਂ ਕੰਧਾਂ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਣ ਵਾਲੇ ਲੇਖਕ ਭੋਲਾ ਸਿੰਘ ਸੰਘੇੜਾ ਨੇ ਸਾਹਿਤਕਾਰਾਂ ਨਾਲ ਰੂ-ਬ-ਰੂ ਪ੍ਰੋਗਰਾਮ ਦੌਰਾਨ ਕਿਹਾ ਕਿ ਉਸ ਨੇ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਪਹਿਲੀ ਕਹਾਣੀ ਲਿਖ ਕੇ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕਰ ਲਿਆ ਸੀ। ਉਸ ਤੋਂ ਬਾਅਦ ਉਸ ਨੇ ਆਪਣੀ ਉੱਚ ਵਿਦਿਆ ਹਾਸਲ ਕਰਨ ਦੇ ਨਾਲ ਨਾਲ ਆਪਣਾ ਇਹ ਲਿਖਣ ਦਾ ਸਫ਼ਰ ਵੀ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਲੇਖਕ ਅੰਦਰ ਆਪਣੇ ਸਮਾਜ ਪ੍ਰਤੀ ਸਮਰਪਿਤ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਸਮਰਪਿਤ ਭਾਵਨਾ ਵਾਲੇ ਲੇਖਕ ਹੀ ਵਧੀਆ ਸਾਹਿਤ ਦੀ ਸਿਰਜਣਾ ਕਰ ਸਕਦੇ ਹਨ। ਇਸ ਮੌਕੇ ਗੋਲਡੀ ਸਿੰਘ, ਗੁਰਪ੍ਰੀਤ ਸਿੰਘ, ਹਰਵੀਰ ਸਿੰਘ ਬਾਗੀ, ਪਰਮਿੰਦਰ ਸਿੰਘ, ਅਭਿਜੀਤ, ਕਾਕਾ ਅਵਤਾਰ ਸਿੰਘ, ਗੁਰਮੁਖ ਸਿੰਘ ਦਿਲਬਰ, ਚਰਨਜੀਤ ਸਿੰਘ ਮੀਮਸਾ, ਪਟਵਾਰੀ ਚਰਨਜੀਤ, ਪਵਨ ਕੁਮਾਰ ਹੋਸੀ, ਸੁਖਵਿੰਦਰ ਸਿੰਘ ਲੋਟੇ ਤੇ ਬਲਜੀਤ ਸਿੰਘ ਬਾਂਸਲ ਨੇ ਰਚਨਾਵਾਂ ਨਾਲ ਰੰਗ ਬੰਨ੍ਹਿਆ।