ਰੋਟਰੀ ਕਲੱਬ ਦੇ ਪ੍ਰਧਾਨ ਤਨਵੀਰ ਹੁਸੈਨ ਦਾ ਸਨਮਾਨ
ਰੋਟਰੀ ਕਲੱਬ ਮਾਲੇਰਕੋਟਲਾ ਦੇ ਨਵੇਂ ਬਣੇ ਪ੍ਰਧਾਨ ਡਾ. ਸਈਅਦ ਤਨਵੀਰ ਹੁਸੈਨ ਦਾ ਤਾਜਪੋਸ਼ੀ ਸਮਾਗਮ ਲੰਘੀ ਰਾਤ ਸਥਾਨਕ ਟਰਨਿੰਗ ਪੁਆਇੰਟ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੀਡੀਜੀ ਅਮਜ਼ਦ ਅਲੀ ਵੱਲੋਂ ਬੀਤੇ ਵਰ੍ਹੇ ਦੇ ਪ੍ਰਧਾਨ ਅਤੇ ਨਵੇਂ ਪ੍ਰਧਾਨ ਦਾ ਕਾਲਰ ਤਬਾਦਲਾ ਕਰਵਾਉਣ ਬਾਅਦ ਸਕੱਤਰ ਐਡਵੋਕੇਟ ਇਕਬਾਲ ਅਹਿਮਦ ਅਤੇ ਕੈਸ਼ੀਅਰ ਮੁਹੰਮਦ ਜਮੀਲ ਸਮੇਤ ਤਿੰਨੇ ਮੁੱਖ ਅਹੁਦੇਦਾਰਾਂ ਨੂੰ ਸਮਾਜ ਸੇਵਾ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਚੁਕਾਈ ਗਈ। ਸਮਾਗਮ ਦੀ ਪ੍ਰਧਾਨਗੀ ਰੋਟਰੀ ਡਿਸਟ੍ਰਿਕ ਦੇ ਗਵਰਨਰ ਭੁਪੇਸ਼ ਮਹਿਤਾ ਨੇ ਕੀਤੀ। ਨਵੇਂ ਪ੍ਰਧਾਨ ਡਾ. ਸਈਅਦ ਤਨਵੀਰ ਹੁਸੈਨ ਨੇ ਆਪਣੇ ਭਵਿੱਖ ਦਾ ਏਜੰਡਾ ਪੇਸ਼ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮਾਲੇਰ ਕੋਟਲਾ ਵੱਲੋਂ ਆਉਣ ਵਾਲਾ ਵਰ੍ਹਾ ਸਿਹਤ ਸੰਭਾਲ ਨੂੰ ਸਮਰਪਿਤ ਕੀਤਾ ਜਾਵੇਗਾ। ਸਕੱਤਰ ਐਡਵੋਕੇਟ ਇਕਬਾਲ ਅਹਿਮਦ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉੱਘੇ ਸਕਾਲਰ ਕਮਾਲ ਅਲੀ ਖਾਨ ਨੇ ਨਵੀਂ ਟੀਮ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਰੋਟੇਰੀਅਨ ਅਸਰਾਰ ਨਿਜ਼ਾਮੀ, ਡਾ. ਮੁਹੰਮਦ ਸ਼ਬੀਰ, ਪੀਡੀਜੀ ਅਮਜ਼ਦ ਅਲੀ, ਰੋਟੇਰੀਅਨ ਡਾ. ਮੁਹੰਮਦ ਰਫੀ ਤੇ ਮਧੂ ਮਹਿਤਾ ਆਦਿ ਨੇ ਨਵੇਂ ਪ੍ਰਧਾਨ ਨੂੰ ਵਧਾਈ ਦਿੱਤੀ।