ਬਖ਼ਸ਼ੀਵਾਲਾ ਵਿੱਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ
ਬੀਰ ਇੰਦਰ ਸਿੰਘ ਬਨਭੌਰੀ
ਖੇਤਰ ਵਿੱਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਪਿੰਡ ਬਖਸ਼ੀਵਾਲਾ ਦੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਸਬੰਧੀ ਪਿੰਡ ਦੇ ਸਤਿਗੁਰੂ ਸਿੰਘ ਚੱਠਾ ਤੇ ਕਾਮਰੇਡ ਜਗਦੀਸ਼ ਸਿੰਘ ਨੇ ਦੱਸਿਆ ਕਿ ਬਰਸਾਤ ਕਾਰਨ ਬੀਤੇ ਦਿਨੀਂ ਪਿੰਡ ਦੇ ਸਤਨਾਮ ਸਿੰਘ ਪੁੱਤਰ ਕਰਨੈਲ ਦੇ ਮਕਾਨ ਵਿੱਚ ਬਣੇ 3 ਕਮਰਿਆਂ ਦੀਆਂ ਬਾਲੇ ਵਾਲੀਆਂ ਛੱਤਾਂ ਡਿੱਗ ਪਈਆਂ, ਜਿਸ ਵਿੱਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਛੱਤ ਡਿੱਗਣ ਕਾਰਨ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਛੱਤ ਦੇ ਮਲਵੇ ਹੇਠ ਦੱਬ ਗਿਆ, ਜਿਸ ਨੂੰ ਪਿੰਡ ਦੇ ਲੋਕਾਂ ਨੇ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ। ਮਕਾਨ ਦੀਆਂ ਛੱਤਾਂ ਡਿੱਗਣ ਕਾਰਨ ਘਰ ਵਿਚ ਪਏ ਘਰੇਲੂ ਸਾਮਾਨ ਦਾ ਵੀ ਨੁਕਸਾਨ ਹੋ ਗਿਆ। ਸੀਪੀਆਈ ਦੇ ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ, ਸੀਪੀਆਈ (ਐੱਮ) ਦੇ ਆਗੂ ਕਾਮਰੇਡ ਵਰਿੰਦਰ ਕੌਸ਼ਿਕ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਨੂੰ ਆਪਣਾ ਮਕਾਨ ਬਣਾਉਣ ਅਤੇ ਨੁਕਸਾਨੇ ਗਏ ਘਰੇਲੂ ਸਾਮਾਨ ਲਈ ਬਣਦੀ ਵਿੱਤੀ ਸਹਾਇਤਾ ਦਿੱਤੀ ਜਾਵੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਲਹਿਰਾ-ਸੁਨਾਮ ਰੋਡ ’ਤੇ ਪਿੰਡ ਖੋਖਰ ਵਿੱਚ ਮੀਂਹ ਕਾਰਨ ਸ਼ਿਵਮ ਵੇਅਰ ਹਾਊਸਿੰਗ ਦੀ ਲਗਭਗ 200 ਫੁੱਟ ਲੰਬੀ ਕੰਢ ਢਹਿ ਗਈ। ਮਾਲਕ ਦਾ ਲਗਪਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਨਿਤੇਸ਼ ਕੁਮਾਰ ਨੇ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।
ਕਪਿਆਲ ਵਿੱਚ ਮਜ਼ਦੂਰ ਦੇ ਘਰ ਦੀ ਚਾਰਦੀਵਾਰੀ ਡਿੱਗੀ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪਿੰਡ ਕਪਿਆਲ ਵਿੱਚ ਭਾਰੀ ਮੀਂਹ ਕਾਰਨ ਜਸਵੰਤ ਸਿੰਘ ਪਰਜਾਪਤ ਦੇ ਮਕਾਨ ਦੀ ਚਾਰਦੀਵਾਰੀ ਡਿੱਗ ਗਈ। ਪੰਚ ਸੰਤਪਾਲ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਮਿੱਟੀ ਦੇ ਭਾਂਡੇ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਹੈ, ਪਰ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਉਸ ਦੇ ਘਰ ਦੀ ਤਕਰੀਬਨ 50 ਫੁੱਟ ਲੰਬੀ ਚਾਰਦੀਵਾਰੀ ਡਿੱਗ ਗਈ ਹੈ। ਜਿਸ ਕਾਰਨ ਉਸ ਦਾ ਬਹੁਤ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ।