Road Accident: ਧੁੰਦ ਕਾਰਨ ਵਾਪਰੇ ਹਾਦਸੇ ’ਚ ਕਾਲਜ ਵਿਦਿਆਰਥਣ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ
College student died in road accident due to smog; father seriously injured
ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਨਵੰਬਰ
ਇਲਾਕੇ ਵਿਚ ਸਵੇਰ ਤੋਂ ਪੈ ਰਹੀ ਜ਼ਬਰਦਸਤ ਧੁੰਦ ਕਾਰਨ ਲਹਿਰਾਗਾਗਾ-ਛਾਜਲੀ ਮੁੱਖ ਸੜਕ ’ਤੇ ਵਾਪਰੇ ਹਾਦਸੇ ਵਿੱਚ ਪਿੰਡ ਖੋਖਰ ਕਲਾਂ ਦੇ ਇੱਕ ਕਾਲਜ ’ਚ ਪੜ੍ਹਦੀ ਇਕ ਲੜਕੀ ਦੀ ਮੌਤ ਹੋ ਗਈ ਅਤੇ ਹਾਦਸੇ ’ਚ ਉਸ ਦੇ ਪਿਤਾ ਹਾਕਮ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਵੇਰੇ ਧੁੰਦ ਦੌਰਾਨ ਟਰਾਲੇ ਨੇ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਦਰੜ ਦਿੱਤਾ, ਜਿਸ ਕਾਰਨ 23 ਸਾਲਾ ਧੀ ਦੀ ਮੌਤ ਹੋ ਗਈ ਅਤੇ ਪਿਤਾ ਜ਼ਖਮੀ ਹੋ ਗਿਆ।
ਮੌਕੇ ’ਤੇ ਹਾਜਰ ਸਰਪੰਚ ਗੁਰਦਿਆਲ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਛਾਜਲੀ ਤੋਂ ਲਹਿਰਾ ਗਾਗਾ ਰੋਡ 'ਤੇ ਛਾਜਲੀ ਤੋਂ ਪਿਤਾ ਹਾਕਮ ਸਿੰਘ ਆਪਣੀ 23 ਸਾਲਾ ਬੇਟੀ ਅਮਨਦੀਪ ਕੌਰ ਨੂੰ ਪਿੰਡ ਖੌਖਰ ਕਲਾਂ ਦੇ ਕਾਲਜ ਵਿੱਚ ਮੋਟਰਸਾਈਕਲ ਤੇ ਛੱਡਣ ਜਾ ਰਹੇ ਸਨ। ਉਹ ਜਦੋਂ ਛਾਜਲੀ ਰੇਲਵੇ ਓਵਰ ਬ੍ਰਿਜ ਤੋਂ ਲੰਘ ਰਹੇ ਸਨ ਤਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਸਰਪੰਚ ਨੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੀੜਤ ਦਲਿਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਜਾਣਕਾਰੀ ਮੁਤਾਬਕ ਟਰਾਲਾ ਝੋਨੇ ਨਾਲ ਭਰਿਆ ਜਾ ਰਿਹਾ ਸੀ, ਜਿਸ ਨੇ ਪਿਉ-ਧੀ ਕੁਚਲ ਦਿੱਤਾ। ਪੁਲੀਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸਹਾਇਕ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਟਰਾਲੇ ਦੇ ਨੰਬਰ ਪਲੇਟ ਨਹੀਂ ਸੀ। ਪੁਲੀਸ ਨੇ ਹਾਦਸੇ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਟਰਾਲਾ ਚਾਲਕ ਵਾਹਨ ਛੱੜ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ।

