ਸਰਕਾਰ ਦੀ ਨਵੀਂ ਸਕੀਮ ਦਾ ਲਾਭ ਲੈ ਰਹੇ ਨੇ ਰਾਈਸ ਮਿੱਲਰ: ਆਹੂਵਾਲੀਆ
ਰਾਈਸ ਮਿੱਲਰਾਂ ਦੇ ਕਰੀਬ 30 ਸਾਲਾਂ ਤੋਂ ਚੱਲਦੇ ਕੇਸਾਂ ਦਾ ਨਿਪਟਾਰਾ ਹੋਇਆ
ਪੰਜਾਬ ਸਰਕਾਰ ਵੱਲੋਂ ਰਾਈਸ ਮਿੱਲਰਾਂ ਲਈ ਇੱਕਮੁਸ਼ਤ ਨਿਪਟਾਰਾ ਸਕੀਮ 2025 ਲਾਗੂ ਕੀਤੀ ਗਈ ਹੈ, ਜਿਸ ਤਹਿਤ ਬਹੁਤ ਸਾਰੇ ਅਜਿਹੇ ਮਿੱਲਰ ਫਾਇਦਾ ਉਠਾ ਰਹੇ ਹਨ, ਜਿਨ੍ਹਾਂ ਦੇ ਕਾਨੂੰਨੀ ਜਾਂ ਸਿਵਲ ਕੇਸ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਨ। ਇਨ੍ਹਾਂ ਕੇਸਾਂ ਕਾਰਨ ਜਿੱਥੇ ਅਜਿਹੇ ਮਿੱਲਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੀ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਨੂੰ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨ ਲਈ ਆਪਣੇ ਸਰੋਤ ਵਰਤਣੇ ਪੈ ਰਹੇ ਸਨ। ਰਾਈਸ ਮਿੱਲਰਾਂ ਵਾਸਤੇ ਲਿਆਂਦੀ ਗਈ ਇਹ ਨੀਤੀ ਬਹੁਤ ਹੀ ਸਰਲ ਅਤੇ ਲਾਭਦਾਇਕ ਹੈ, ਜਿਸ ਕਾਰਨ ਇਸ ਸਕੀਮ ਵਿੱਚ ਮਿੱਲਰਾਂ ਦੀ ਸ਼ਮੂਲੀਅਤ ਕਾਫੀ ਜ਼ਿਆਦਾ ਹੈ। ਇਹ ਜਾਣਕਾਰੀ ਪਨਸਪ ਜ਼ਿਲ੍ਹਾ ਮੈਨੇਜਰ ਗੌਰਵ ਆਹਲੂਵਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਮੈਸ: ਗਣੇਸ਼ ਰਾਈਸ ਮਿੱਲਜ਼, ਦਿੜ੍ਹਬਾ ਅਤੇ ਕ੍ਰਿਸ਼ਨਾ ਰਾਈਸ ਮਿੱਲਜ਼, ਸੰਗਰੂਰ, ਜ਼ਿਲ੍ਹਾ ਸੰਗਰੂਰ ਵੱਲੋਂ ਆਪਣੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਮੈਸ: ਗਣੇਸ਼ ਰਾਈਸ ਮਿੱਲਜ਼, ਦਿੜ੍ਹਬਾ ਅਤੇ ਕ੍ਰਿਸ਼ਨਾ ਰਾਈਸ ਮਿੱਲਜ਼, ਸੰਗਰੂਰ ਦੇ ਮਾਲਕਾਂ/ਹਿਸੇਦਾਰਾਂ ਨੂੰ ਐੱਨ ਓ ਸੀ ਪ੍ਰਦਾਨ ਕੀਤੇ ਗਏ। ਇਨ੍ਹਾਂ ਮਿੱਲਾਂ ਦੇ ਕੇਸ ਲਗਪਗ 30 ਸਾਲਾਂ ਤੋਂ ਲੰਬਿਤ ਸਨ। ਇਨ੍ਹਾਂ ਵੱਲੋਂ ਕੁੱਲ ਬਣਦੀ ਰਿਕਵਰੀ ਦੀ ਅਦਾਇਗੀ ਕਰ ਦਿੱਤੀ ਗਈ ਹੈ, ਜਿਹੜੀ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਗੌਰਵ ਆਹਲੂਵਾਲੀਆ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਨਿਪਟਾਰਾ ਕਰਵਾਉਣ ਲਈ ਰਾਈਸ ਮਿੱਲਰ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਸਕੀਮ ਦਾ ਲਾਭ ਉਠਾਉਣ ਵਾਲੇ ਮਿੱਲਰ ਆਸ਼ੂਤੋਸ਼ ਕੁਮਾਰ ਅਤੇ ਨੰਦ ਕਿਸ਼ੋਰ ਨੇ ਕਿਹਾ ਕਿ ਇਹ ਸਕੀਮ ਉਨ੍ਹਾਂ ਲਈ ਕਾਫੀ ਲਾਹੇਵੰਦ ਸਿੱਧ ਹੋਈ ਹੈ। ਕੇਸ ਚੱਲਣ ਕਾਰਨ ਉਹਨਾਂ ਦਾ ਕਾਫੀ ਪੈਸਾ ਅਤੇ ਸਮਾਂ ਬਰਬਾਦ ਹੋ ਰਿਹਾ ਸੀ।

