ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਅਗਸਤ
ਨੇੜਲੇ ਪਿੰਡ ਭੁਟਾਲ ਕਲਾਂ ਵਿੱਚ ਨਸ਼ਿਆਂ ਨੂੰ ਰੋਕਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਮੇਤ ਪਿੰਡ ਦੇ ਮੋਹਤਬਰ ਵਿਅਕਤੀਆਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਡੀਐਸਪੀ ਲਹਿਰਾਗਾਗਾ ਦੀਪਕ ਰਾਏ ਅਤੇ ਥਾਣਾ ਮੁਖੀ ਮਨਪ੍ਰੀਤ ਸਮੇਤ ਹੋਰ ਵੀ ਮੁਲਾਜ਼ਮ ਹਾਜ਼ਰ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ਵਿੱਚ ਚਿੱਟੇ ਅਤੇ ਹੋਰ ਮੈਡੀਕਲ ਨਸ਼ੇ ਖਿਲਾਫ ਡਟਣ ਦਾ ਮੌਕਾ ਆ ਗਿਆ ਹੈ ਕਿਉਂਕਿ ਹਰ ਰੋਜ਼ ਸਾਡੇ ਨੌਜਵਾਨ ਮਰ ਰਹੇ ਹਨ। ਇਸ ਲਈ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਡੀਐਸਪੀ ਦੀਪਕ ਰਾਏ ਅਤੇ ਥਾਣਾ ਮੁਖੀ ਲਹਿਰਾਗਾਗਾ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਹਮੇਸ਼ਾ ਨਸ਼ਾ ਰੋਕਣ ਵਾਲਿਆਂ ਨਾਲ ਡੱਟ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਦਿੱਤੀ ਜਾਵੇ ਜਿਨ੍ਹਾਂ ਨੂੰ ਤੁਰੰਤ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਇਨ੍ਹਾਂ ਲੋਕਾਂ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲਿਆਂ ਦਾ ਵੀ ਇਲਾਜ ਕਰਵਾਇਆ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਬਲਾਕ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆ, ਬਲਵਿੰਦਰ ਸਿੰਘ, ਲੀਲਾ ਸਿੰਘ ਭੁਟਲ ਖੁਰਦ, ਚਮਕੌਰ ਸਿੰਘ ਢੀਂਡਸਾ, ਨਿਰਭੈ ਸਿੰਘ ਰੋੜੇਵਾਲਾ, ਹਰਦੀਪ ਸਿੰਘ ਢੀਂਡਸਾ, ਮਿੱਠੂ ਸਿੰਘ ਢੀਂਡਸਾ, ਛੋਟਾ ਸਿੰਘ, ਮਹਿੰਦਰ ਸਿੰਘ ਰੋੜੇਵਾਲਾ, ਬੀਰਾ ਸਿੰਘ ਪ੍ਰਧਾਨ ਸਮੇਤ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ।