ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਅੱਜ ਨੇੜਲੇ ਪਿੰਡ ਚੰਨੋਂ ਤੋਂ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਹਰੇ ਚਾਰੇ ਤੋਂ ਬਣੇ 400 ਕੁਇੰਟਲ ਅਚਾਰ ਦੇ ਦੋ ਟਰੱਕ ਰਵਾਨਾ ਕੀਤੇ ਗਏ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਵਕਤ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਵਿੱਚ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕ ਹੜ੍ਹ ਦੇ ਪਾਣੀ ਵਿੱਚ ਫ਼ਸ ਗਏ ਹਨ। ਉਨ੍ਹਾਂ ਦੀਆਂ ਫ਼ਸਲਾਂ, ਘਰ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੀਆਂ ਪਾਰਟੀਆਂ, ਸੰਸਥਾਵਾਂ ਅਤੇ ਲੋਕਾਂ ਨੂੰ ਕੁਦਰਤੀ ਆਫ਼ਤ ਵਿੱਚ ਘਿਰੇ ਲੋਕਾਂ ਦੀ ਮਦਦ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੱਕਾਂ ਨਾਲ ਕੁੱਝ ਪਾਰਟੀ ਆਗੂ ਵੀ ਜਾਣਗੇ, ਜੋ ਲੋੜਵੰਦ ਲੋਕਾਂ ਤੱਕ ਇਹ ਰਾਸ਼ਨ ਪਹੁੰਚਾ ਕੇ ਆਉਣਗੇ। ਉਨ੍ਹਾਂ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ‘ਮੁੱਖ ਮੰਤਰੀ ਹੜ੍ਹ ਪੀੜਤ ਰਾਹਤ ਫੰਡ’ ਵਿੱਚ ਵੀ ਯੋਗਦਾਨ ਜ਼ਰੂਰ ਪਾਉਣ। ਉਨ੍ਹਾਂ ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਦੀਪ ਸਿੰਘ ਘਰਾਚੋਂ, ਜਗਤਾਰ ਸਿੰਘ ਨਮਾਦਾ, ਰਾਮ ਸਿੰਘ ਭਰਾਜ, ਰਣਜੀਤ ਕੌਰ ਬਦੇਸ਼ਾ, ਗੁਰਪ੍ਰੀਤ ਸਿੰਘ ਕੰਧੋਲਾ, ਬਿੱਟੂ ਖ਼ਾਨ, ਹਰਦੀਪ ਸਿੰਘ ਤੂਰ, ਤੇਜਿੰਦਰ ਸਿੰਘ ਢੀਂਡਸਾ, ਸਾਹਿਬ ਸਿੰਘ ਭੜੋ, ਕਰਮਜੀਤ ਕੌਰ ਸਕਰੌਦੀ ਅਤੇ ਰਵਿੰਦਰਪਾਲ ਕੌਰ ਚੰਨੋਂ ਹਾਜ਼ਰ ਸਨ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸ਼ੁਤਰਾਣਾ ਹਲਕੇ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਉਨ੍ਹਾਂ ਦੀ ਟੀਮ ਨੇ ਪੰਜਾਬ ਦੇ ਹੜ੍ਹ ਪੀੜਤ ਇਲਾਕੇ ਪਠਾਨਕੋਟ ਵਾਸਤੇ ਚਾਰ ਟਰੱਕ ਰਾਹਤ ਸਮੱਗਰੀ ਦੇ ਰਵਾਨਾ ਕੀਤੇ। ਉਹ ਖ਼ੁਦ ਸਮੱਗਰੀ ਦੇ ਨਾਲ ਪਠਾਨਕੋਟ ਗਏ ਹਨ ਤਾਂ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਜ਼ਰੂਰਤਮੰਦਾਂ ਸਹਾਇਤਾ ਮਿਲ ਸਕੇ। ਇਨ੍ਹਾਂ ਵਿੱਚੋਂ ਤਿੰਨ ਟਰੱਕਾਂ ਵਿੱਚ 1400 ਤੋਂ ਉੱਪਰ ਰਾਹਤ ਕਿੱਟਾਂ, ਜਿਨ੍ਹਾਂ ਵਿੱਚ ਆਟਾ, ਦਾਲ, ਚੌਲ, ਤੇਲ, ਖੰਡ, ਪੱਤੀ ਅਤੇ ਪੀਣ ਵਾਲਾ ਪਾਣੀ ਸ਼ਾਮਲ ਹੈ। ਚੌਥੇ ਟਰੱਕ ਪਸ਼ੂਆਂ ਦੇ ਚਾਰੇ ਨਾਲ ਭਰਿਆ ਹੈ। ਇਸ ਮੌਕੇ ਪ੍ਰਧਾਨ ਟਰੱਕ ਯੂਨੀਅਨ ਪਾਤੜਾਂ ਰਣਜੀਤ ਸਿੰਘ ਵਿਰਕ, ਬਲਜਿੰਦਰ ਸਿੰਘ ਰੰਧਾਵਾ, ਸੀਨੀਅਰ ਆਗੂ ਡੀ ਡੀ ਸਿੰਗਲਾ, ਜਗਦੀਪ ਸਿੰਘ, ਹੈਪੀ ਸਰਪੰਚ ਲਾਲਵਾ, ਸੁਰਜੀਤ ਸਿੰਘ ਫੌਜੀ, ਹਰਜੀਤ ਲਾਲਵਾ, ਰਣਜੀਤ ਸੇਲਵਾਲਾ, ਸ਼ਮਸ਼ੇਰ ਸਿੰਘ ਲਾਲਵਾ, ਹੈਰੀ ਪਾਤੜਾਂ, ਸੁਖਜਿੰਦਰ ਪਾਤੜਾ, ਨਿੱਕੂ ਪਾਤੜਾ, ਪਾਰਸ ਸਿੰਘ ਪੀਏ, ਕੁਲਦੀਪ ਸਿੰਘ ਥਿੰਦ ਅਤੇ ਸੋਨੀ ਠੇਕੇਦਾਰ ਆਦਿ ਹਾਜ਼ਰ ਸਨ।
ਵਿਧਾਇਕਾ ਵੱਲੋਂ ਰਾਹਤ ਸਮੱਗਰੀ ਦਾ ਟਰੱਕ ਰਵਾਨਾ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਇਸ ਰਾਹਤ ਸਮੱਗਰੀ ਵਿੱਚ ਆਟੇ ਦੇ ਪੈਕੇਟ, ਸੁੱਕੇ ਛੋਲੇ, ਦਾਲਾਂ, ਸਾਬਣ, ਤੇਲ, ਖੰਡ, ਪੱਤੀ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਘਰੇਲੂ ਸਾਮਾਨ ਸ਼ਾਮਲ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਤਾਂ ਜੋ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕੇ ਐਡਵੋਕੇਟ ਲਵੀਸ ਮਿੱਤਲ, ਰਿਤੇਸ਼ ਬਾਂਸਲ, ਕੌਂਸਲਰ ਰਾਜੇਸ਼ ਕੁਮਾਰ ਇੰਸਾ, ਅਮਰਿੰਦਰ ਮੀਰੀ, ਸਚਿਨ ਮਿੱਤਲ, ਸ਼ਾਮ ਸੁੰਦਰ ਵਧਵਾ, ਧਨਵੰਤ ਸਿੰਘ, ਸੁਮਨ ਰਾਣੀ, ਅਮਨ ਸੈਣੀ, ਤਰੁਣ ਸ਼ਰਮਾ ਤੇ ਕਈ ਪਾਰਟੀ ਵਾਲੰਟੀਅਰ ਮੌਜੂਦ ਸਨ।