ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ਅਤੇ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਤ 8 ਨਗਰ ਕੌਂਸਲਰਾਂ ਨੇ ਕਰੀਬ ਚਾਰ ਹਫ਼ਤੇ ਪਹਿਲਾਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦਿੱਤੇ ਬਿਆਨ ਕਿ ‘ਉਨ੍ਹਾਂ ਕੋਲ ਕੌਂਸਲਰਾਂ ਦੇ ਅਸਤੀਫ਼ੇ ਨਹੀਂ ਪੁੱਜੇ’ ਨੇ ਸਥਿਤੀ ਗੁੰਝਲਦਾਰ ਬਣਾ ਦਿੱਤੀ ਹੈ। ਅਮਨ ਅਰੋੜਾ ਦੇ ਬਿਆਨ ਦਾ ਅਸਤੀਫ਼ਾ ਦੇਣ ਵਾਲੇ ਬਾਗ਼ੀ ਧੜੇ ਦੇ ਕੌਂਸਲਰਾਂ ਨੇ ਗੰਭੀਰ ਨੋਟਿਸ ਲਿਆ ਹੈ।
ਬਾਗ਼ੀ ਧੜੇ ਦੇ ਕੌਂਸਲਰਾਂ ਦੀ ਅਗਵਾਈ ਕਰ ਰਹੇ ਨਗਰ ਕੌਂਸਲਰ ਤੇ ਸਾਬਕਾ ਥਾਣੇਦਾਰ ਪਰਮਿੰਦਰ ਸਿੰਘ ਪਿੰਕੀ ਨੇ ਦੋਸ਼ ਲਾਇਆ ਹੈ ਕਿ ਪਾਰਟੀ ਪ੍ਰਧਾਨ ਅਮਨ ਅਰੋੜਾ ਅਜਿਹਾ ਬਿਆਨ ਦੇ ਕੇ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿਉਂਕਿ ਸ੍ਰੀ ਅਰੋੜਾ ਨੂੰ ਨਗਰ ਕੌਂਸਲ ਸੰਗਰੂਰ ਦੇ ਹਾਲਾਤ ਬਾਰੇ ਹਰ ਗੱਲ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਕਈ ਵੀ ਰਾਬਤਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 15 ਸਤੰਬਰ 2025 ਨੂੰ ਕੌਂਸਲਰ ਸ੍ਰੀ ਅਰੋੜਾ ਕੋਲ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਦੀ ਸ਼ਿਕਾਇਤ ਲੈ ਕੇ ਪੁੱਜੇ ਤਾਂ ਉਨ੍ਹਾਂ ਇੱਕ ਹਫ਼ਤੇ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਜਦੋਂ ਹਫ਼ਤੇ ਵਿੱਚ ਹੱਲ ਨਾ ਹੋਇਆ ਤਾਂ 22 ਸਤੰਬਰ ਨੂੰ ਸ੍ਰੀ ਅਰੋੜਾ ਨਾਲ ਰਾਬਤਾ ਕੀਤਾ ਗਿਆ। ਸ੍ਰੀ ਪਿੰਕੀ ਨੇ ਦੱਸਿਆ ਕਿ ਫਿਰ ਸਾਰੇ ਬਾਗ਼ੀ ਕੌਂਸਲਰਾਂ ਨੇ ਵਟਸਐਪ ਰਾਹੀਂ ਆਪਣੇ ਅਸਤੀਫ਼ੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੂੰ ਭੇਜ ਦਿੱਤੇ ਅਤੇ ਉਨ੍ਹਾਂ ਵੱਲੋਂ ਚੈੱਕ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਅਰੋੜਾ ਵੱਲੋਂ ਅਸਤੀਫ਼ੇ ਨਾ ਮਿਲਣ ਬਾਰੇ ਦਿੱਤਾ ਬਿਆਨ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨ ਦੁਪਹਿਰ ਤਿੰਨ ਵਜੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਕੌਂਸਲਰਾਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸ਼ੋਦੀਆ ਨਾਲ ਮੀਟਿੰਗ ਕਰਵਾਈ ਗਈ ਜਿਨ੍ਹਾਂ ਭਰੋਸਾ ਦਿੱਤਾ ਸੀ ਕਿ ਸਾਰੇ ਮਸਲੇ ਹੱਲ ਹੋਣਗੇ ਅਤੇ ਨਗਰ ਕੌਂਸਲ ਦ ਪ੍ਰਧਾਨ ਬਦਲਿਆ ਜਾਵੇਗਾ ਤੇ ਅਗਲੇ ਦਿਨ ਏਡੀਸੀ ਨੇ ਮੀਟਿੰਗ ਲਈ ਸੱਦਿਆ ਜਿਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਪਰੰਤੂ ਹਾਲੇ ਤੱਕ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ।
ਕੌਂਸਲਰ ਪਿੰਕੀ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਦੀ ਆੜ ਹੇਠ ਡੂੰਘੀ ਸਾਜਿਸ਼ ਚੱਲ ਰਹੀ ਹੈ ਜਿਸ ਵਿੱਚ ਵੱਡੇ-ਵੱਡੇ ਲੀਡਰਾਂ ਦੀ ਮਿਲੀਭੁਗਤ ਹੈ ਜਿਸਦਾ ਖਮਿਆਜ਼ਾ ਸ਼ਹਿਰ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆਵਾਂ ਦੇ ਹਾਲਾਤ ਨਾ ਸੁਧਰੇ ਅਤੇ ਕੋਈ ਸੁਣਵਾਈ ਨਾ ਹੋਈ ਤਾਂ ਅਗਲੇ ਐਕਸ਼ਨ ਬਾਰੇ ਵਿਉਂਤਬੰਦੀ ਕੀਤੀ ਜਾਵੇਗੀ।

