ਲੋਕਾਂ ਲਈ ਆਫ਼ਤ ਬਣ ਵਰ੍ਹਿਆ ਮੀਂਹ
ਖੇਤਰ ਵਿੱਚ ਐਤਵਾਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਅੱਜ ਦੂਜੇ ਦਿਨ ਵੀ ਸ਼ਹਿਰ ਜਲਥਲ ਰਿਹਾ। ਸ਼ਹਿਰ ਦੀਆਂ ਜਨਤਕ ਥਾਵਾਂ ਅਤੇ ਵੱਖ-ਵੱਖ ਕਲੋਨੀਆਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪਿਆ। ਜਾਣਕਾਰੀ ਅਨੁਸਾਰ ਅੱਜ ਦੂਜੇ ਦਿਨ ਜ਼ਿਲ੍ਹਾ ਸੰਗਰੂਰ ਵਿੱਚ ਔਸਤਨ 41.129 ਐੱਮ.ਐੱਮ ਮੀਂਹ ਪਿਆ। ਸ਼ਹਿਰ ਦੇ ਸਿਵਲ ਹਸਪਤਾਲ ਕੰਪਲੈਕਸ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਕੰਪਲੈਕਸ ਵਿਚ ਦੂਜੇ ਦਿਨ ਵੀ ਮੀਂਹ ਦਾ ਪਾਣੀ ਭਰਿਆ ਰਿਹਾ ਜਿਸ ਕਾਰਨ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੰਮਕਾਰ ਕਰਾਉਣ ਵਾਲੇ ਲੋਕਾਂ ਨੂੰ ਅੱਜ ਵੀ ਐੱਸਡੀਐੱਮ ਕੰਪਲੈਕਸ ਵਿਚ ਦਾਖਲ ਹੋਣ ਲਈ ਵੀ ਗੋਡੇ-ਗੋਡੇ ਪਾਣੀ ’ਚੋਂ ਗੁਜ਼ਰਨਾ ਪਿਆ। ਬੀਐੱਸਐੱਨਐੱਲ ਸੜਕ ਵੀ ਪਾਣੀ ’ਚ ਡੁੱਬ ਗਈ। ਸਰਕਾਰੀ ਰਣਬੀਰ ਕਲੱਬ ਜਿਸ ਵਿਚ ਏਡੀਸੀ ਅਤੇ ਐੱਸਡੀਐੱਮ ਵਰਗੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਕਟਰਾਂ ਦੀ ਰਿਹਾਇਸ਼ੀ ਫਲੈਟ ਹਨ, ਵਿਚ ਵੀ ਅੱਜ ਦੂਜੇ ਦਿਨ ਹੋਈ ਮੀਂਹ ਨਾਲ ਪਾਣੀ ਭਰਿਆ ਰਿਹਾ। ਸਥਾਨਕ ਰੈਸਟ ਹਾਊਸ ਨੇੜਲੀਆਂ ਸੜਕਾਂ ਤੋਂ ਇਲਾਵਾ ਪ੍ਰੇਮ ਬਸਤੀ ਦੀਆਂ ਗਲੀਆਂ ਵੀ ਡੁੱਬੀਆਂ ਰਹੀਆਂ। ਸ਼ਹਿਰ ਦੀ ਸਭ ਤੋਂ ਸੋਹਣੀ ਮੰਨੀ ਜਾਣ ਵਾਲੀ ਕੌਲਾ ਪਾਰਕ ਮਾਰਕੀਟ ਅੱਜ ਦੂਜੇ ਦਿਨ ਵੀ ਜਲਥਲ ਰਹੀ ਅਤੇ ਗੋਡੇ-ਗੋਡੇ ਪਾਣੀ ਭਰਿਆ ਰਿਹਾ। ਇਸ ਮਾਰਕੀਟ ਵਿਚ ਹੋਟਲ, ਬੈਂਕ ਅਤੇ ਇੰਮੀਗਰੇਸ਼ਨ ਦਫ਼ਤਰ ਆਦਿ ਹਨ ਜਿਨ੍ਹਾਂ ਵਿਚ ਕੰਮਕਾਜ ਲਗਭਗ ਠੱਪ ਹੀ ਰਿਹਾ। ਬੱਸ ਸਟੈਂਡ ਦੇ ਨਜ਼ਦੀਕ ਧੂਰੀ ਗੇਟ ਬਾਜ਼ਾਰ ਵਿਚ ਦੁਕਾਨਦਾਰਾਂ ਦਾ ਕਾਰੋਬਾਰ ਮੀਂਹ ਦਾ ਪਾਣੀ ਭਰਨ ਕਾਰਨ ਅੱਜ ਦੂਜੇ ਦਿਨ ਵੀ ਠੱਪ ਰਿਹਾ। ਇਨ੍ਹਾਂ ਦੁਕਾਨਾਂ ’ਤੇ ਗ੍ਰਾਹਕਾਂ ਨੇ ਤਾਂ ਕੀ ਪੁੱਜਣਾ ਸੀ, ਖੁਦ ਅਨੇਕਾਂ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਤੱਕ ਨਹੀਂ ਖੋਲ੍ਹ ਸਕੇ। ਸ਼ਹਿਰ ਦੀਆਂ ਹੋਰ ਵੀ ਅਨੇਕਾਂ ਜਨਤਕ ਥਾਵਾਂ ਅਤੇ ਕਲੋਨੀਆਂ ਹਨ ਜੋ ਕਿ ਪਾਣੀ ਦੀ ਲਪੇਟ ਵਿਚ ਹਨ। ਸ਼ਹਿਰ ਦੇ ਸੀਵਰੇਜ ਸਿਸਟਮ ਦੀ ਚਾਲ ਵੀ ਵਿਗੜੀ ਹੋਣ ਕਾਰਨ ਪਾਣੀ ਦੀ ਨਿਕਾਸੀ ਸਮੇਂ ਸਿਰ ਨਹੀਂ ਹੁੰਦੀ ਅਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਬਾਰਸ਼ਾਂ ਦੇ ਸਮੇਂ ਭਾਰੀ ਮੁਸੀਬਤ ਸਹਿਣੀ ਪੈਂਦੀ ਹੈ। ਦੋ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਖੱਜਲ ਖੁਆਰੀ ਅਤੇ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਮੀਂਹ ਕਾਰਨ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਜਾਣਕਾਰੀ ਅਨੁਸਾਰ ਕਲੋਨੀ ਰੋਡ ਵਿੱਚ ਇੱਕ ਬਸਤੀ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਅਤੇ ਲੋਕਾਂ ਵੱਲੋਂ ਆਪਣੇ ਸਾਮਾਨ ਨੂੰ ਬਚਾਉਣ ਲਈ ਬੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਭੁਟਾਲ ਖੁਰਦ ਸਥਿਤ ਰਾਈਸ ਮਿੱਲ ਦੀ ਕੰਧ ਡਿੱਗ ਗਈ। ਸੈੱਲਰ ਦੇ ਮਾਲਕ ਅਵੀਨਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਝੱਖੜ ਤੇ ਮੀਂਹ ਦੌਰਾਨ ਵਿੱਦਿਆ ਜੋਤੀ ਕਾਲਜ ਦੀ ਲਗਭਗ 250 ਤੋਂ 300 ਫੁੱਟ ਲੰਬੀ ਚਾਰਦੀਵਾਰੀ ਢਹਿ ਗਈ। ਇਸ ਘਟਨਾ ਨਾਲ ਕਾਲਜ ਪ੍ਰਬੰਧਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਕਾਲਜ ਦੇ ਮਾਲਕਾਂ ਜੀਵਨ ਕੁਮਾਰ ਕਾਲਾ ਹਰਿਆਊ ਵਾਲੇ, ਪ੍ਰਿਤਪਾਲ ਅਤੇ ਚੇਤਨ ਗਰਗ ਨੇ ਦੱਸਿਆ ਕਿ ਕੰਧ ਡਿੱਗਣ ਕਾਰਨ ਨਾ ਸਿਰਫ਼ ਕਾਲਜ ਦੀ ਸੁਰੱਖਿਆ ਪ੍ਰਭਾਵਿਤ ਹੋਈ ਹੈ, ਸਗੋਂ ਇਸ ਨੂੰ ਦੁਬਾਰਾ ਬਣਾਉਣ ’ਤੇ ਵੱਡਾ ਖਰਚਾ ਵੀ ਹੋਵੇਗਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਜ਼ਿਲ੍ਹਾ ਮਾਲੇਰਕੋਟਲਾ ਵਿੱਚ ਐਤਵਾਰ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸ਼ਹਿਰ ’ਚ ਕਈ ਥਾਵਾਂ ’ਤੇ ਪਾਣੀ ਭਰਨ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਈ ਥਾਵਾਂ ’ਤੇ ਲੋਕਾਂ ਵੱਲੋਂ ਆਪਣੇ ਘਰਾਂ ਦਾ ਕੂੜਾ ਘਰਾਂ ਤੋਂ ਬਾਹਰ ਸੜਕਾਂ ’ਤੇ ਸੁੱਟਣ ਕਾਰਨ ਕੂੜਾ ਸੜਕ ’ਤੇ ਫੈਲ ਗਿਆ ਹੈ, ਜਿਸ ਕਾਰਨ ਸਥਿਤੀ ਤਿਲ੍ਹਕਣ ਵਾਲੀ ਬਣੀ ਹੋਈ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਸ਼ਹਿਰ ਦੇ ਕਈ ਇਲਾਕਿਆਂ ਦਾ ਨਿਰੀਖਣ ਕੀਤਾ।
ਬਲਾਕ ਸ਼ੇਰਪੁਰ ਵਿੱਚ ਕਈ ਮਕਾਨ ਨੁਕਸਾਨੇ
ਸ਼ੇਰਪੁਰ (ਬੀਰਬਲ ਰਿਸ਼ੀ): ਖੇਤਰ ਵਿੱਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੂੜਗੜ੍ਹ ’ਚ ਇੱਕ, ਸ਼ੇਰਪੁਰ ’ਚ ਇੱਕ ਅਤੇ ਫਰਵਾਹੀ ’ਚ ਤਿੰਨ ਘਰ ਢਹਿਣ ਦੀ ਖ਼ਬਰ ਹੈ। ਬਲਾਕ ਸ਼ੇਰਪੁਰ ਤੇ ਹਲਕਾ ਧੂਰੀ ਨਾਲ ਸਬੰਧਤ ਪਿੰਡ ਫਰਵਾਹੀ ਦੇ ਸਰਪੰਚ ਸੁਪਿੰਦਰ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦੇ ਤਿੰਨ ਘਰ ਢਹਿ ਗਏ ਹਨ ਜਦੋਂ ਕਿ ਕਈ ਹੋਰਾਂ ਵਿੱਚ ਤਰੇੜਾਂ ਆ ਗਈਆਂ ਹਨ। ਸ਼ੇਰਪੁਰ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਛੱਤਾਂ ਚੋਣ ਨਾਲ ਲੋਕਾਂ ਦੇ ਕੀਮਤੀ ਸਾਮਾਨ ਦਾ ਨੁਕਸਾਨ ਹੋਇਆ ਹੈ। ਮੀਂਹ ਰੋਕਣ ਲਈ ਛੱਤਾਂ ’ਤੇ ਪਾਏ ਜਾਣ ਵਾਲੇ ਚਿੱਟੇ ਕਾਗਜ਼ ਦੀ ਮੰਗ ਇੰਨੀ ਵਧ ਗਈ ਕਿ ਦੁਕਾਨਾਂ ਤੋਂ ਸਟਾਕ ਖਤਮ ਹੋ ਗਿਆ। ਕੁਝ ਵਪਾਰੀਆਂ ਵੱਲੋਂ 150-170 ਰੁਪਏ ਕਿਲੋ ਵਾਲਾ ਕਾਗਜ਼ 270-300 ਰੁਪਏ ਕਿਲੋ ਤੱਕ ਵੇਚ ਕੇ ਲੋਕਾਂ ਦੀ ਚੰਗੀ ਆਰਥਿਕ ਲੁੱਟ ਕੀਤੀ ਹੈ। ਸ਼ੇਰਪੁਰ ਅਤੇ ਪੱਤੀ ਖਲੀਲ ਦੀਆਂ ਗਲੀਆਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹਾ ਹੈ। ਗੁਰੂ ਨਾਨਕ ਕਲੋਨੀ ਵਿੱਚ ਟੋਭੇ ਦੇ ਓਵਰਫਲੋ ਹੋਣ ਨਾਲ ਜ਼ਿਆਦਾਤਰ ਘਰਾਂ ਵਿੱਚ ਬਰਸਾਤੀ ਪਾਣੀ ਦਾਖ਼ਲ ਹੋ ਗਿਆ। ਇੱਕ ਗਰੀਬ ਪਰਿਵਾਰ ਦੇ ਪਿਤਾ ਵਿਹੁਣੇ ਬੱਚੇ ਨੇ ਆਡੀਓ ਜਾਰੀ ਕਰਕੇ ਦੱਸਿਆ ਕਿ ਉਸ ਦੇ, ਘਰ ਦੀ ਛੱਤ ਚੋਣ ਕਾਰਨ ਸਮਾਨ ਖਰਾਬ ਹੋ ਗਿਆ ਹੈ ਅਤੇ ਉਹ ਗੁਆਂਡੀਆਂ ਦੇ ਘਰ ਰਹਿ ਕੇ ਗੁਜ਼ਾਰਾ ਕਰ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਦੀ ਉਹ ਕੰਧ ਵੀ ਡਿੱਗ ਗਈ ਜਿਸ ਦਾ ਕੁਝ ਹੀ ਸਮਾਂ ਪਹਿਲਾਂ ਸਿਆਸੀ ਆਗੂਆਂ ਨੇ ਰਸਮੀ ਉਦਘਾਟਨ ਕਰਕੇ ਵਿਕਾਸ ਦੇ ਦਾਅਵੇ ਕੀਤੇ ਗਏ ਸਨ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਪਿੰਡ ਫਰਵਾਹੀ ਤੇ ਰੂੜਗੜ੍ਹ ਵਿੱਚ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮੌਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।