ਰੇਲਵੇ ਓਵਰਬ੍ਰਿਜ ਸਾਰਿਆਂ ਦੀ ਸਲਾਹ ਨਾਲ ਬਣੇਗਾ: ਦੁੱਲਟ
ਇੱਥੇ ਧੂਰੀ ਰੇਲਵੇ ਓਵਰਬ੍ਰਿਜ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ, ਜਿਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਧੂਰੀ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਧਰਮਿੰਦਰ ਸਿੰਘ ਦੁੱਲਟ ਨੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਓਵਰਬ੍ਰਿਜ ਬਣਨ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਦੁੱਲਟ ਨੇ ਕਿਹਾ ਕਿ ਧੂਰੀ ਸ਼ਹਿਰ ਦੇ ਲੋਕਾਂ ਦੀ ਇਹ ਮੰਗ ਲੰਮੇ ਸਮੇਂ ਤੋਂ ਸੀ ਕਿ ਸ਼ਹਿਰ ਵਿੱਚ ਰੇਲਵੇ ਓਵਰਬ੍ਰਿਜ ਬਣਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਸ਼ਹਿਰ ਦੇ ਲੋਕਾਂ ਦੀ ਇਸ ਮੰਗ ਕਾਰਨ ਕੇਂਦਰ ਦੇ ਰੇਲਵੇ ਮੰਤਰੀ ਰਵਨੀਤ ਬਿੱਟੂ ਵੱਲੋਂ ਰੇਲਵੇ ਸਟੇਸ਼ਨ ਦਾ ਦੌਰਾ ਕਰ ਕੇ ਇਸ ਉੱਪਰ ਆਉਣ ਵਾਲੇ ਖਰਚੇ ਤੇ ਇਸ ਦੀ ਡਰਾਇੰਗ ਬਣਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਇਸ ਰੇਲਵੇ ਓਵਰਬ੍ਰਿਜ ਨਾਲ ਕਿਸੇ ਵੀ ਦੁਕਾਨਦਾਰ ਦਾ ਵਪਾਰ ਜਾਂ ਹੋਰ ਆਰਥਿਕ ਨੁਕਸਾਨ ਨਹੀਂ ਹੋਵੇਗਾ ਸਗੋਂ ਇਸ ਦੇ ਬਣਨ ਨਾਲ ਸ਼ਹਿਰ ਦਾ ਵਪਾਰ ਵਧੇਗਾ। ਉਨ੍ਹਾਂ ਕਿਹਾ ਜਲਦੀ ਹੀ ਕੇਦਰ ਸਰਕਾਰ ਦੀ ਟੈਕਨੀਕਲ ਟੀਮ ਧੂਰੀ ਸ਼ਹਿਰ ਅੰਦਰ ਆ ਕੇ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਮੁਆਇਨਾ ਕਰੇਗੀ ਤੇ ਇਹ ਪੁਲ ਜਲਦੀ ਹੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਧੂਰੀ ਸ਼ਹਿਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਮਾਤਾ ਵੈਸ਼ਨੋ ਦੇਵੀ ਮੰਦਰ ਲਈ ਦੋ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਮੰਗ ਬਾਰੇ ਕੇਂਦਰੀ ਰੇਲਵੇ ਮੰਤਰੀ ਰਵਨੀਤ ਬਿੱਟੂ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਹਲੇ ਵਾਲੇ ਫਾਟਕਾਂ ਤੋਂ ਲੈ ਕੇ ਅਨਾਜ ਮੰਡੀ ਤੱਕ ਨਵਾਂ ਰੇਲਵੇ ਓਵਰਬ੍ਰਿਜ ਬਣਾਉਣ ਸਬੰਧੀ ਵੀ ਰੇਲਵੇ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਓਵਰਬ੍ਰਿਜ ਦੀ ਥਾਂ ਅੰਡਰਬ੍ਰਿਜ ਬਣਾਇਆ ਜਾਵੇ ਜਿਸ ਲਈ ਲੋਕ ਅਰਵਿੰਦ ਖੰਨਾ ਨੂੰ ਵੀ ਮਿਲੇ ਹਨ। ਉਨ੍ਹਾਂ ਕਿਹਾ ਇਸ ਮੰਗ ਉੱਪਰ ਵੀ ਵਿਚਾਰ ਕੀਤਾ ਜਾਵੇਗਾ।
‘ਸਿਆਸਤ ਕਰ ਕੇ ਲੋਕਾਂ ਨੂੰ ਗੁਮਰਾਹ ਨਾ ਕਰੇ ਸਰਕਾਰ’
Advertisementਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਸਿਆਸੀ ਟਿੱਪਣੀ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ, ਇਸ ਕੰਮ ਲਈ ਪੰਜਾਬ ਸਰਕਾਰ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ ਨਾ ਕਿ ਇਹ ਰੇਲਵੇ ਓਵਰਬ੍ਰਿਜ ਪੰਜਾਬ ਸਰਕਾਰ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਅੰਦਰ ਰੇਲਵੇ ਓਵਰਬ੍ਰਿਜ ਉੱਪਰ ਸਿਆਸਤ ਕਰ ਕੇ ਲੋਕਾਂ ਨੂੰ ਗੁਮਰਾਹ ਨਾ ਕਰੇ।