ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ ਵਿੱਚ ਜੁਟੀ ਪੰਜਾਬੀ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ ਵੱਲੋਂ ਹੜ੍ਹ-ਪੀੜਿਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਵੱਖ-ਵੱਖ ਫਰੰਟਾਂ ਉੱਤੇ ਹਰ ਸੰਭਵ ਮਦਦ ਦੇ ਯਤਨ ਕੀਤੇ ਜਾ ਰਹੇ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਦਾਰਿਆਂ ਨੂੰ ਆਪਣੀ ਸਮਾਜਿਕ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਆਪੋ ਆਪਣੀ ਸਮਰੱਥਾ ਅਨੁਸਾਰ ਮਦਦ ਦੀਆਂ ਸੰਭਾਵਨਾਵਾਂ ਤਲਾਸ਼ਦਿਆਂ ਨਿਠ ਕੇ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਐੱਨਐੱਸਐੱਸ ਵਾਲੰਟੀਅਰਾਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਮੀਨੀ ਪੱਧਰ ਉੱਤੇ ਕਾਰਜ ਕਰ ਰਹੇ ਹਨ।
ਐੱਨਐੱਸਐੱਸ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਹੜ੍ਹ ਰਾਹਤ ਸਮਗਰੀ ਇਕੱਤਰ ਕਰਨ ਹਿਤ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਲਈ ਤਿੰਨ ਮੋਬਾਈਲ ਨੰਬਰ (76969-82404, 98726-78873, 78142-99224) ਜਾਰੀ ਕੀਤੇ ਗਏ ਹਨ। ਇਸ ਮੁਹਿੰਮ ਰਾਹੀਂ ਤਰਪਾਲਾਂ, ਮੱਛਰਦਾਨੀਆਂ, ਦਵਾਈਆਂ, ਮੱਛਰ ਤੋਂ ਬਚਣ ਵਾਲੀਆਂ ਦਵਾਈਆਂ ਜਿਵੇਂ ਓਡੋਮੌਸ, ਕੱਪੜੇ, ਪਾਣੀ ਦੀਆਂ ਬੋਤਲਾਂ, ਸੈਨੇਟਰੀ ਪੈਡਜ਼ ਆਦਿ ਇਕੱਠੇ ਕਰ ਕੇ ਸਬੰਧਤ ਥਾਵਾਂ ਉੱਤੇ ਪਹੁੰਚਾਏ ਜਾ ਰਹੇ ਹਨ।