Punjab News - Viral Video: ਟਰੱਕ ਯੂਨੀਅਨ ਦੀ ਚੋਣ ’ਚ ਪੈਸਿਆਂ ਦੇ ਲੈਣ-ਦੇਣ ਦੀ ਵੀਡੀਓ ਵਾਇਰਲ, ਵਿਧਾਇਕਾ ’ਤੇ ਲੱਗੇ ਪੈਸੇ ਲੈਣ ਦੇ ਦੋਸ਼
ਵਾਇਰਲ ਵੀਡੀਓ ਨੇ ਸਿਆਸੀ ਹਲਕਿਆਂ ’ਚ ਮਚਾਈ ਹਲਚਲ; ਕਾਂਗਰਸ ਤੇ ਅਕਾਲੀ ਦਲ ਨੇ ‘ਆਪ’ ਵਿਧਾਇਕਾ ’ਤੇ ਲਾਏ ਪੈਸੇ ਲੈ ਕੇ ਪ੍ਰਧਾਨਗੀ ਦੇਣ ਦੇ ਦੋਸ਼; ਵਿਧਾਇਕਾ ਨੇ ਦੋਸ਼ ਨਕਾਰੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਫਰਵਰੀ
Punjab News - Viral Video: ਅੱਜ ਇੱਥੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਦੌਰਾਨ ਹੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ।
ਦੱਸਣਯੋਗ ਹੈ ਕਿ ਅੱਜ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਜਤਿੰਦਰ ਸਿੰਘ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ।
ਇਸੇ ਦੌਰਾਨ ਇੱਕ ਟਰੱਕ ਅਪਰੇਟਰ ਮਨਜੀਤ ਸਿੰਘ ਕਾਕਾ ਵਾਸੀ ਫੱਗੂਵਾਲਾ ਵੱਲੋਂ ਕਥਿਤ ਤੌਰ ’ਤੇ ਪ੍ਰਧਾਨਗੀ ਦੀ ਚੋਣ ਤੋਂ ਖ਼ਫ਼ਾ ਹੋ ਕੇ ਕੋਈ ਕਥਿਤ ਜ਼ਹਿਰੀਲੀ ਦਵਾਈ ਪੀ ਲਈ ਗਈ। ਉਸ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ।
ਇਸੇ ਦੌਰਾਨ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਗਈ, ਜਿਸ ਵਿੱਚ ਪੈਸਿਆਂ ਦੇ ਕਾਫੀ ਬੰਡਲ ਦਿਖਾਈ ਦੇ ਰਹੇ ਹਨ। ਇਸ ਵਿੱਚ ਮਨਜੀਤ ਸਿੰਘ ਕਾਕਾ ਕਹਿ ਰਿਹਾ ਹੈ ਕਿ "ਆਹ ਪਏ ਨੇ ਪੈਸੇ, ਜਿਵੇਂ ਗੁਰਪ੍ਰੀਤ ਸਿੰਘ ਹੁਰੀਂ ਲੈ ਕੇ ਗਏ ਸੀ, ਉਵੇਂ ਹੀ ਵਾਪਸ ਕਰ ਗਏ, ਸਾਡਾ ਸੌਦਾ ਸਿਰੇ ਨਹੀਂ ਚੜ੍ਹਿਆ।" ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਸਿਆਸੀ ਹਲਕਿਆਂ ਵਿੱਚ ਹਲਚਲ ਮੱਚ ਗਈ ਹੈ।
ਕਾਂਗਰਸੀ ਅਤੇ ਅਕਾਲੀ ਆਗੂਆਂ ਵੱਲੋਂ ਇਸ ਵੀਡੀਓ ਨੂੰ ਲੈ ਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਉਤੇ ਪੈਸੇ ਲੈ ਕੇ ਪ੍ਰਧਾਨਗੀ ਦੇਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਹਲਕਾ ਵਿਧਾਇਕ ਭਰਾਜ ਨੇ ਦੋਸ਼ ਨਕਾਰੇ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਨ੍ਹਾਂ ਨੇ ਐਸਐਸਪੀ ਸੰਗਰੂਰ ਨੂੰ ਕਿਹਾ ਹੈ ਕਿ ਇਸ ਵੀਡੀਓ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ।