Punjab News - Truck Union: ਟਰੱਕ ਯੂਨੀਅਨ ਭਵਾਨੀਗੜ੍ਹ ਮਾਮਲੇ ਸਬੰਧੀ ਐਸਐਸਪੀ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ
ਵਿਧਾਇਕਾ ਭਰਾਜ ਸਣੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕੀਤੀ ਮੰਗ; ਖਹਿਰਾ, ਝਿੰਜਰ, ਸਿੰਗਲਾ, ਖੰਨਾ, ਗੋਲਡੀ ਸਣੇ ਵੱਖ-ਵੱਖ ਪਾਰਟੀਆਂ ਦੇ ਅਨੇਕਾਂ ਆਗੂ ਪੁੱਜੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਾਰਚ
Punjab News - Truck Union Issue: ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ’ਚ ਕਥਿਤ ਰਿਸ਼ਵਤ ਦਾ ਲੈਣ ਦੇਣ ਹੋਣ ਅਤੇ ਇੱਕ ਟਰੱਕ ਆਪਰੇਟਰ ਵਲੋਂ ਖੁਦਕਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਖਿਲਾਫ ਕਾਰਵਾਈ ਕਰਾਉਣ ਲਈ ਵੱਖ ਵੱਖ ਸਿਆਸੀ ਪਾਰਟੀਆਂ, ਪੀੜਤ ਪਰਿਵਾਰ ਅਤੇ ਇਲਾਕੇ ਦੇ ਲੋਕ ਵੱਲੋਂ ਐਸਐਸਪੀ ਸੰਗਰੂਰ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ।
ਵੱਖ ਵੱਖ ਆਗੂਆਂ ਨੇ ਮੰਗ ਕੀਤੀ ਕਿ ਐਮਐਲਏ ਭਰਾਜ ਸਣੇ ਪੰਜ ਵਿਅਕਤੀਆਂ ਦੇ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਟਰੱਕ ਯੂਨੀਅਨ ਦੀ ਚੋਣ ਰੱਦ ਕੀਤੀ ਜਾਵੇ। ਧਰਨੇ ਨੂੰ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਅਕਾਲੀ ਦਲ ਮਾਨ ਦੇ ਸੂਬਾ ਆਗੂ ਗੁਰਪਾਲ ਸਿੰਘ ਰਾਮਪੁਰਾ ਆਦਿ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ ਅਤੇ ਇਸ ਮਾਮਲੇ ’ਚ ਪੰਜਾਬ ਸਰਕਾਰ ਦੀ ਚੁੱਪ ’ਤੇ ਗੰਭੀਰ ਦੋਸ਼ ਲਗਾਏ।
ਆਗੂਆਂ ਨੇ ਐਲਾਨ ਕੀਤਾ ਕਿ ਭਰਾਜ ਖਿਲਾਫ ਕਾਰਵਾਈ ਕਰਾਉਣ ਲਈ ਸੰਘਰਸ਼ ਜ਼ਾਰੀ ਰਹੇਗਾ। ਸਾਰੀਆਂ ਪਾਰਟੀਆਂ ਨੇ ਰਾਜਪਾਲ ਪੰਜਾਬ ਨੂੰ ਮਿਲਣ ਦਾ ਫੈਸਲਾ ਲਿਆ।