Punjab News - Road Accident: ਕਾਰ ਤੇ ਈ-ਰਿਕਸ਼ਾ ਦੀ ਟੱਕਰ ’ਚ ਪਰਵਾਸੀ ਮਜ਼ਦੂਰ ਔਰਤ ਦੀ ਮੌਤ, 4 ਹੋਰ ਜ਼ਖ਼ਮੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਜੂਨ
ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾਝਾੜ ਚੌਕੀ ਨੇੜੇ ਇਕ ਸਵਿਫਟ ਕਾਰ ਤੇ ਈ-ਰਿਕਸ਼ਾ ਵਿਚਕਾਰ ਵਾਪਰੇ ਹਾਦਸੇ ਕਾਰਨ ਈ-ਰਿਕਸ਼ਾ 'ਚ ਸਵਾਰ ਇਕ ਔਰਤ ਦੀ ਮੌਤ ਹੋ ਗਈ ਅਤੇ 4 ਹੋਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਮ੍ਰਿਤਕਾ ਦੀ ਪਛਾਣ ਮਿੰਦੋ ਕੌਰ, ਵਾਸੀ ਨਾਨਕਮੱਤਾ, ਉੱਤਰਾਖੰਡ ਵਜੋਂ ਹੋਈ ਹੈ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (SSF) ਦੇ ਕਰਮਚਾਰੀ ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉੱਤਰਾਖੰਡ ਤੋਂ ਇੱਥੇ ਝੋਨਾ ਲਗਾਉਣ ਲਈ ਰੇਲ ਗੱਡੀ ਰਾਹੀਂ ਆਈ ਲੇਬਰ ਨੂੰ ਅੱਜ ਸਵੇਰੇ ਪਟਿਆਲਾ ਉਤਰਨ ਮਗਰੋਂ ਇਕ ਕਿਸਾਨ ਆਪਣੇ ਖੇਤਾਂ 'ਚ ਝੋਨਾ ਲਵਾਉਣ ਲਈ ਆਪਣੇ ਪਿੰਡ ਈ-ਰਿਕਸ਼ਾ 'ਤੇ ਲਿਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਮੁੱਖ ਹਾਈਵੇਅ 'ਤੇ ਪਿੰਡ ਕਾਲਾਝਾੜ ਪੁਲੀਸ ਚੌਕੀ ਸਾਹਮਣੇ ਢਾਬੇ ਨੇੜੇ ਉਨ੍ਹਾਂ ਦਾ ਈ-ਰਿਕਸ਼ਾ ਪਿੱਛੋਂ ਆ ਰਹੀ ਇਕ ਸਵਿਫਟ ਕਾਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਕਾਰਨ ਈ-ਰਿਕਸ਼ਾ ਵਿਚ ਸਵਾਰ ਦੋ ਸਕੀਆਂ ਭੈਣਾਂ - ਰੇਖਾ ਕੌਰ ਅਤੇ ਆਸ਼ਾ ਕੌਰ ਸਮੇਤ ਗੁਰਜੀਤ ਕੌਰ, ਗੁਰਦੀਪ ਕੌਰ ਅਤੇ ਮਿੰਦੋ ਕੌਰ (ਸਾਰੇ ਵਾਸੀ ਨਾਨਕਮੱਤਾ, ਉੱਤਰਾਖੰਡ) ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਮੌਕੇ 'ਤੇ ਪਹੁੰਚੀ ਐੱਸਐੱਸਐਫ ਦੀ ਟੀਮ ਨੇ ਇਲਾਜ ਲਈ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਮਿੰਦੋ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਨਾਲ ਹੀ ਰੇਖਾ ਕੌਰ, ਸੁਰਜੀਤ ਕੌਰ ਅਤੇ ਆਸ਼ਾ ਰਾਣੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੌਰਾਨ ਈ-ਰਿਕਸ਼ਾ ਦੇ ਡਰਾਇਵਰ ਰਾਹੁਲ ਮਲਹੋਤਰਾ ਵਾਸੀ ਪਟਿਆਲਾ ਅਤੇ ਸਵਿਫਟ ਕਾਰ ਦੇ ਚਾਲਕ ਮਨਿੰਦਰਪ੍ਰੀਤ ਸਿੰਘ ਵਾਸੀ ਸੰਗਰੂਰ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲੀਸ ਚੌਕੀ ਕਾਲਾਝਾੜ ਦੇ ਇੰਚਾਰਜ ਏਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।