ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਮਾਰਚ
ਲੰਘੀ ਰਾਤ ਨੇੜਲੇ ਪਿੰਡ ਸੰਗਤੀਵਾਲਾ ਤੇ ਛਾਜਲੀ ਸੜਕ ’ਤੇ ਇੱਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਕਾਲੂ ਸਿੰਘ ਪੁੱਤਰ ਧਰਮਾ ਸਿੰਘ ਵਾਸੀ ਰੋਜਾਂ ਪੱਤੀ, ਛਾਜਲੀ ਨੂੰ ਇਲਾਜ ਲਈ ਸਿਵਲ ਹਸਪਤਾਲ ’ਚੋਂ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਭੇਜ ਦਿੱਤਾ ਗਿਆ ਹੈ।
ਐਸਐਚਓ ਛਾਜਲੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਲੂ ਸਿੰਘ ਤੇ ਬਿੱਕਰ ਸਿੰਘ ਮੋਟਰ ਸਾਇਕਲ (ਪੀਬੀ-13- ਏਟੀ7908) ਮਾਰਕਾ ਸੀਟੀ 100 ਬਜਾਜ ਉਤੇ ਸਵਾਰ ਹੋ ਕੇ ਪਿੰਡ ਸੰਗਤੀਵਾਲਾ ਤੋਂ ਛਾਜਲੀ ਵੱਲ ਨੂੰ ਆ ਰਹੇ ਸਨ। ਵਕਤ ਰਾਤ ਕਰੀਬ 8:45 ਵਜੇ ਪਿੰਡ ਸੰਗਤੀਵਾਲਾ ਸਾਇਡ ਤੋਂ ਚਿੱਟੇ ਰੰਗ ਦੀ ਕਾਰ ਆਈ ਜਿਸ ਨੂੰ ਚਾਲਕ ਕਥਿਤ ਤੇਜ਼ ਰਫ਼ਤਾਰੀ, ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਚਲਾ ਰਿਹਾ ਸੀ।
ਕਾਰ ਨੇ ਪਿਛੋਂ ਮੋਟਰਸਾਈਕਲ ਵਿਚ ਮਾਰੀ, ਜਿਸ ਨਾਲ ਉਹ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਏ। ਇਸ ਮੌਕੇ ਬਿਕਰ ਸਿੰਘ ਕੱਚੀ ਪਟੜੀ ’ਤੇ ਡਿੱਗ ਕੇ ਬਚ ਗਿਆ ਪਰ ਚਾਲਕ ਕਾਲੂ ਸਿੰਘ ਨੂੰ ਸੜਕ ’ਤੇ ਡਿੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ। ਉਸ ਦੇ ਸਿਰ ਵਿਚ ਕਾਫੀ ਸੱਟ ਵੱਜੀ ਅਤੇ ਪੱਟ ਵੀ ਟੁੱਟ ਗਿਆ। ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋ ਗਿਆ।
ਦੂਜੇ ਪਾਸੇ ਚਿੱਟੇ ਰੰਗ ਦੀ ਕਾਰ ਦਾ ਨਾਮਾਲੂਮ ਚਾਲਕ ਆਪਣੀ ਕਾਰ ਲੈ ਕੇ ਮੌਕਾ ਤੋਂ ਭੱਜ ਗਿਆ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬਿਕਰ ਸਿੰਘ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।