Punjab News: ਜ਼ਖ਼ਮੀ ਮਜ਼ਦੂਰ ਦੀ ਹਸਪਤਾਲ ਵਿਚ ਮੌਤ
ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਜੂਨ
ਨੇੜਲੇ ਪਿੰਡ ਖੰਡੇਬਾਦ ਦੇ ਇੱਕ ਨੌਜਵਾਨ ਮਜ਼ਦੂਰ ਦੀ ਪਾਈਪ ਫ਼ੈਕਟਰੀ ਕੰਮ ਕਰਦੇ ਸਮੇਂ ਬਲੇਡ ਕਿਸਮ ਦੀ ਪੱਤੀ ਲੱਗਣ ਕਰ ਕੇ ਜ਼ਖਮੀ ਹੋ ਜਾਣ ਕਾਰਨ ਮੌਤ ਹੋ ਗਈ। ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।
ਮ੍ਰਿਤਕ ਮਜ਼ਦੂਰ ਦੀ ਪਛਾਣ ਹਰਮੇਸ਼ ਸਿੰਘ ਮੇਸ਼ੀ (30) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਮੇਸ਼ੀ ਵਾਸੀ ਪਿੰਡ ਖੰਡੇਬਾਦ ਨੰਬਰਦਾਰ ਪਾਈਪ ਫ਼ੈਕਟਰੀ ਵਿਚ ਕੰਮ ਕਰਦਾ ਸੀ। ਉਹ ਮਸ਼ੀਨ 'ਤੇ ਕੰਮ ਕਰਦੇ ਸਮੇਂ ਅਚਾਨਕ ਬਲੇਡ ਲੱਗਣ ਕਾਰਨ ਜ਼ਖਮੀ ਹੋ ਗਿਆ। ਇਹ ਘਟਨਾ 14 ਜੂਨ ਦੀ ਦੱਸੀ ਜਾ ਰਹੀ ਹੈ। ਫ਼ੈਕਟਰੀ ਦੇ ਮਾਲਕ ਕੁਲਵਿੰਦਰ ਸਿੰਘ ਅਨੁਸਾਰ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲਾ ਕਰਵਾਇਆ ਗਿਆ ਸੀ। ਮੇਸ਼ੀ ਦੋ ਨਾਬਾਲਗ ਬੱਚਿਆਂ ਦਾ ਪਿਤਾ ਸੀ।
ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੀ ਪਤਨੀ ਸੰਦੀਪ ਕੌਰ ਨੇ ਥਾਣਾ ਲਹਿਰਾਗਾਗਾ ਵਿਚ ਨੰਬਰਦਾਰ ਪਾਈਪ ਫੈਕਟਰੀ ਖੰਡੇਬਾਦ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਕੌਰ ਪਤਨੀ ਹਰਮੇਸ਼ ਸਿੰਘ ਮੇਸ਼ੀ ਪੁੱਤਰ ਚਮਕੌਰ ਸਿੰਘ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੇ ਪਤੀ ਹਰਮੇਸ਼ ਸਿੰਘ ਨੂੰ ਪਾਈਪ ਫੈਕਟਰੀ ਜੋ ਹਾਦਸਾ ਪੇਸ਼ ਆਇਆ, ਇਹ ਕੁਝ ਮਨੇਜਮੈਟ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ।
ਹਰਮੇਸ਼ ਸਿੰਘ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿਸ ਦੀ ਮੌਤ ਇਲਾਜ ਦੌਰਾਨ 22 ਜੂਨ, 2025 ਨੂੰ ਹੋ ਗਈ। ਐਸਐਚਓ ਅਨੁਸਾਰ ਪੀੜਤ ਸੰਦੀਪ ਕੌਰ ਦੇ ਬਿਆਨ ’ਤੇ ਮਾਲਕ ਖਿਲਾਫ ਧਾਰਾ 304ਏ ਅਧੀਨ ਕੇਸ ਦਰਜ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।