Punjab News: ਕਡੰਕਟਰ ਨੇ ਡਰਾਈਵਰ ਤੋਂ ਤੰਗ ਆ ਕੇ ਕੀਤੀ ਖੁਦਕਸ਼ੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਮਈ
ਲਹਿਰਾਗਾਗਾ ਤੋਂ ਚੰਡੀਗੜ੍ਹ ਰੂਟ ’ਤੇ ਚਲਦੀ ਪੀਆਰਟੀਸੀ ਸੰਗਰੂਰ ਡੀਪੂ ਦੀ ਬੱਸ ਦੇ ਕੰਡਕਟਰ ਨੇ ਕਥਿਤ ਤੌਰ ’ਤੇ ਆਪਣੇ ਹੀ ਡਰਾਈਵਰ ਤੋਂ ਤੰਗ ਆ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਪੁੱਤਰ ਜੰਗ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਭਾਖੜਾ ਨਹਿਰ ਪਿੰਪਲਥੇਹ ਹਰਿਆਣਾ ਕੋਲੋਂ ਬਰਾਮਦ ਕੀਤੀ ਗਈ ਹੈ। ਕਥਿਤ ਤੌਰ ’ਤੇ ਨਿਰਮਲ ਸਿੰਘ ਨੇ ਡਰਾਈਵਰ ਭਗਵਾਨ ਸਿੰਘ ਤੋਂ ਪੈਸੇ ਲੈਣੇ ਸਨ ਅਤੇ ਜਦੋਂ ਉਹ ਪੈਸਿਆਂ ਦੀ ਮੰਗ ਕਰਦਾ ਤਾਂ ਉਹ ਭਰੀ ਬੱਸ ਵਿਚ ਉਸ ਨੂੰ ਬੇਇੱਜਤ ਕਰਦਾ ਸੀ।
ਸਦਰ ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੱਸ ਦੇ ਡਰਾਈਵਰ ਭਗਵਾਨ ਸਿੰਘ ਅਤੇ ਉਸ ਦੀ ਪਤਨੀ ਵਾਸੀ ਛਾਜਲਾ ਖ਼ਿਲਾਫ਼ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਿਰਮਲ ਸਿੰਘ ਵਲੋਂ ਆਪਣੇ ਹੱਥੀ ਲਿਖਿਆ ਖੁਦਕੁਸ਼ੀ ਨੋਟ ਵੀ ਮਿਲਿਆ ਹੈ।