ਪੰਜਾਬ ਮੰਡੀ ਬੋਰਡ ਦੀ ਰਾਮਨਗਰ ਛੰਨਾ-ਸ਼ੇਰਪੁਰ ਸੜਕ ਵਿਵਾਦਾਂ ’ਚ
ਕਿਸਾਨ ਅਾਗੂਅਾਂ ਵੱਲੋਂ ਨਿਰਧਾਰਤ ਮਾਪਦੰਡਾਂ ਨੂੰ ਅੱਖੋਂ-ਪਰੋਖੇ ਕਰਕੇ ਸੜਕ ਬਣਾਉਣ ਦਾ ਦੋਸ਼; ਕਿਸਾਨਾਂ ਦੀ ਇਕੱਤਰਤਾ ਅੱਜ
ਪੰਜਾਬ ਮੰਡੀਬੋਰਡ ਵੱਲੋਂ ਰਾਮਨਗਰ ਛੰਨਾ-ਸ਼ੇਰਪੁਰ ਬਣਾਈ ਜਾ ਰਹੀ ਸੜਕ ਅੱਜ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਅਤੇ ਸਾਥੀਆਂ ਨੇ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਨੂੰ ਅੱਖੋਂ-ਪਰੋਖੇ ਕਰਕੇ ਸੜਕ ਬਣਾਏ ਜਾਣ ਦਾ ਦੋਸ਼ ਲਾਉਂਦਿਆਂ ਅੱਜ ਸ਼ਾਮ ਇਹ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਸਾਰਾ ਮਾਮਲਾ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦਾ ਵੀ ਖੁਲਾਸਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਾਮਨਗਰ ਛੰਨਾ ਨੇ ਦੋਸ਼ ਲਾਇਆ ਕਿ ਰਾਮਨਗਰ ਛੰਨਾ-ਸ਼ੇਰਪੁਰ ਤਕਰੀਬਨ ਤਿੰਨ ਕਿੱਲੋਮੀਟਰ ਸੜਕ ਨੂੰ ਅੱਜ ਤੇਜ਼ੀ ਨਾਲ ਬਣਾਏ ਜਾਣ ਦਾ ਕੰਮ ਚੱਲ ਰਿਹਾ ਸੀ ਪਰ ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਬਿਨਾ ਸਾਫ਼-ਸਫ਼ਾਈ ਕੀਤਿਆਂ ਮਿੱਟੀ ’ਤੇ ਹੀ ਪ੍ਰੀਮਿਕਸ ਪਾਇਆ ਜਾ ਰਿਹਾ ਸੀ। ਸ੍ਰੀ ਛੰਨਾ ਨੇ ਜਾਰੀ ਕੀਤੀ ਵੀਡੀਓ ਵਿੱਚ ਸੜਕ ’ਤੇ ਪਾਇਆ ਪ੍ਰੀਮਿਕਸ ਪੈਰਾਂ ਨਾਲ ਭੋਰ ਕੇ ਵੀ ਦਿਖਾਇਆ। ਉਨ੍ਹਾਂ ਦੱਸਿਆ ਕਿ ਤਾਜ਼ਾ ਹਾਲਾਤ ਵਿਭਾਗ ਦੇ ਜੇਈ ਪੰਕਜ ਕੁਮਾਰ ਦੇ ਧਿਆਨ ਵਿੱਚ ਲਿਆ ਦਿੱਤੇ ਹਨ ਅਤੇ ਇਸ ਮਾਮਲੇ ’ਤੇ ਪਿੰਡ ਰਾਮਨਗਰ ਛੰਨਾ ਵਿੱਚ 11 ਅਕਤੂਬਰ ਨੂੰ ਕਿਸਾਨਾਂ ਦੀ ਇਕੱਤਰਤਾ ਕਰਕੇ ਸੰਘਰਸ਼ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਇਸਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੀ ਵੱਲੋਂ ਬਣਾਈਆਂ ਸੜਕਾਂ ਘਨੌਰ ਕਲਾਂ-ਘਨੌਰੀ ਕਲਾਂ, ਕਾਤਰੋਂ-ਹਥਨ, ਘਨੌਰੀ ਕਲਾਂ-ਰਾਜੋਮਾਜਰਾ, ਸ਼ੇਰਪੁਰ-ਧੂਰੀ ਤੋਂ ਇਲਾਵਾ ਪੰਚਾਇਤੀ ਰਾਜ ਵੱਲੋਂ ਬਣਾਈਆਂ ਸੜਕਾਂ ਘਨੌਰ ਕਲਾਂ-ਕਲੇਰਾਂ ਅਤੇ ਕੁੰਭੜਵਾਲ ਰੰਗੀਆਂ ਸੜਕਾਂ ਵਿਵਾਦਾਂ ਵਿੱਚ ਘਿਰੀਆਂ ਰਹੀਆਂ। ਉਕਤ ਆਗੂਆਂ ਨੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਇਨ੍ਹਾਂ ਦੀ ਵਿਜੀਲੈਂਸ ਜਾਂਚ ਕਰਨ ਅਤੇ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਬਣਾਏ ਜਾਣ ਦੀ ਮੰਗ ਕੀਤੀ।
ਮੰਡੀ ਬੋਰਡ ਦੇ ਜੇਈ ਨੇ ਦੋਸ਼ ਨਕਾਰੇ
ਪੰਜਾਬ ਮੰਡੀਬੋਰਡ ਦੇ ਜੇਈ ਪੰਕਜ ਮਹਿਰਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸ਼ਾਮ ਹੋ ਜਾਣ ਦੇ ਬਾਵਜੂਦ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਖੁਦ ਵਾਚਣਗੇ ਅਤੇ ਅਜਿਹਾ ਉੱਕਾ ਹੀ ਨਹੀਂ ਹੋ ਸਕਦਾ ਕਿ ਬਿਨਾਂ ਸਾਫ਼ ਸਫਾਈ ਤੋਂ ਮਿੱਟੀ ’ਤੇ ਹੀ ਪ੍ਰੀਮਿਕਸ ਪਾਇਆ ਗਿਆ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਜੇ ਅਜਿਹਾ ਹੋਇਆ ਤਾਂ ਉਹ ਲੋਕਾਂ ਦੀ ਤਸੱਲੀ ਹੋਣ ਤੱਕ ਸੜਕ ਦਾ ਕੰਮ ਦਰੁਸਤ ਕਰਵਾਉਣਗੇ।