ਪੰਜਾਬ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ: ਕਰੀਮਪੁਰੀ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ 'ਪੰਜਾਬ ਸੰਭਾਲ਼ੋ' ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਸ਼ਿਰਕਤ ਕਰਦਿਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ 15 ਅਗਸਤ ਨੂੰ ਸਰਕਾਰ ਤੋਂ ਸਵਾਲ ਪੁੱਛਣ ਦੀ ਅਪੀਲ ਕੀਤੀ। ਸ੍ਰੀ ਕਰੀਮਪੁਰੀ ਦੇ ਕਿਹਾ ਕਿ ਪੰਜਾਬ ਸੰਭਾਲ਼ੋ ਮੁਹਿੰਮ 15 ਮਾਰਚ ਨੂੰ ਫਗਵਾੜੇ ਤੋਂ ਸ਼ੁਰੂ ਹੋਈ ਹੈ ਜੋ 15 ਅਗਸਤ ਤੱਕ ਪਿੰਡ ਪਿੰਡ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ 15 ਅਗਸਤ ਨੂੰ ਆਪਣੇ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਸਵਾਲ ਪੁੱਛੇ ਜਾਣ ਕਿ ਚੋਣਾਂ ਵਿਚ ਕੀਤੇ ਵਾਅਦੇ ਕਿੱਥੇ ਗਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲ਼ਾ ਦੇ ਪਿੰਡ ਬਠੋਈ ਕਲਾਂ ਵਿਖੇ ਸੂਬਾ ਸਰਕਾਰ ਨੇ ਦਲਿਤਾਂ ਨਾਲ ਅਨਿਆਂ ਕੀਤਾ ਹੈ। ਪਿੰਡ ਦੀ ਦਲਿਤਾਂ ਲਈ ਰਾਖਵੀਂ ਤੀਜੇ ਹਿੱਸੇ ਦੀ ਜ਼ਮੀਨ ਦੇ ਸਾਢੇ ਗਿਆਰਾਂ ਲੱਖ ਰੁਪਏ ਭਰਵਾਉਣ ਦੇ ਬਾਵਜੂਦ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਗਿਆ ਸਗੋਂ ਕਬਜ਼ਾ ਮੰਗਣ ਵਾਲ਼ੇ ਦਲਿਤ ਪਰਿਵਾਰਾਂ ਦੇ ਸਿਰ ਪਾੜ ਦਿੱਤੇ ਗਏ। ਸ੍ਰੀ ਕਰੀਮਪੁਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਜਿੱਥੇ ਜਿੱਥੇ ਵੀ ਲੋਕਾਂ ਉਪਰ ਜ਼ੁਲਮ ਕਰੇਗੀ, ਬਸਪਾ ਵਰਕਰ ਉੱਥੇ ਪਹੁੰਚ ਕੇ ਉਸ ਦਾ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਦਾ 2 ਲੱਖ ਨੌਜਵਾਨ ਡਰੱਗ ਮਾਫ਼ੀਆ ਨੇ ਖਾ ਲਿਆ ਇਸ ਦਾ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੰਭਾਲ਼ੋ ਮੁਹਿੰਮ ਪੰਜਾਬ ਦੇ ਦਰਦ ਦੀ ਮੁਹਿੰਮ ਹੈ ਜੋ ਕਿ ਸਿਹਤਮੰਦ ਸੂਬੇ ਦਾ ਨਿਰਮਾਣ ਕਰੇਗੀ।
ਸ੍ਰੀ ਕਰੀਮਪੁਰੀ ਨੇ ਕਿਹਾ ਕਿ 16 ਸਾਲ ਪਹਿਲਾਂ ਐਲਾਨ ਕੀਤੇ ਸਿੱਖਿਆ ਦੇ ਅਧਿਕਾਰ ਨੂੰ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਆਪਣੇ ਰਾਜ ਦੌਰਾਨ ਪੂਰਨ ਰੂਪ ਵਿਚ ਲਾਗੂ ਨਹੀਂ ਕਰਵਾ ਸਕੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਨ੍ਹਾਂ ਦੇ ਰਾਹਾਂ 'ਤੇ ਤੁਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਮਸ਼ਹੂਰੀ ਲਈ 12 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੇ ਹਨ ਪਰ ਸਿੱਖਿਆ ਲਈ ਸਾਢੇ 6 ਹਜ਼ਾਰ ਕਰੋੜ ਰੁਪਏ ਨਹੀਂ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜੀਆਂ ਜਾਣਗੀਆਂ। ਇਸ ਮੌਕੇ ਅਜੀਤ ਸਿੰਘ ਭੈਣੀ ਇੰਚਾਰਜ ਪੰਜਾਬ, ਬਲਦੇਵ ਸਿੰਘ ਮਹਿਰਾ ਮੀਤ ਪ੍ਰਧਾਨ, ਜੋਗਾ ਸਿੰਘ ਪਨੋਦੀਆਂ ਜਨਰਲ ਸਕੱਤਰ ਪੰਜਾਬ, ਮੇਜਰ ਸਿੰਘ ਟਿੱਬੀ ਪ੍ਰਧਾਨ ਜ਼ਿਲ੍ਹਾ ਪਟਿਆਲ਼ਾ, ਜ਼ਿਲ੍ਹਾ ਸਕੱਤਰ ਸੁਖਵੰਤ ਸਿੰਘ, ਜ਼ਿਲ੍ਹਾ ਕੁਆਰਡੀਨੇਟਰ ਕੁਲਦੀਪ ਸਿੰਘ ਸੁਰਹੋਂ, ਵਿਧਾਨ ਸਭਾ ਰਾਜਪੁਰਾ ਪ੍ਰਧਾਨ ਰਾਜਿੰਦਰ ਸਿੰਘ ਚਪੜ, ਮਨਪ੍ਰੀਤ ਸਿੰਘ ਉਕਸੀ, ਜੋਗਿੰਦਰ ਸਿੰਘ ਮੰਡੋਲੀ, ਭਾਗ ਸਿੰਘ ਪਿਲਖਣੀ, ਜੰਗ ਸਿੰਘ ਬਖਸ਼ੀਵਾਲ਼ਾ, ਤੇਜਾ ਸਿੰਘ ਬਖਸ਼ੀਵਾਲ਼ਾ, ਸਰਦੂਲ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ ਨਡਿਆਲ਼ੀ, ਸਤਨਾਮ ਸਿੰਘ, ਮਾਸਟਰ ਪ੍ਰੀਤਮ ਸਿੰਘ , ਪ੍ਰੇਮ ਸਿੰਘ ਭਤੇੜੀ, ਜਗਤਾਰ ਸਿੰਘ ਨੱਤਿਆ ਮੌਜੂਦ ਸਨ।