ਪੰਜਾਬ ਸਿੱਖਿਆ ਕ੍ਰਾਂਤੀ: ਪਟਿਆਲਾ ਦੇ 16 ਤੇ ਸੰਗਰੂਰ ਦੇ ਛੇ ਸਕੂਲਾਂ ’ਚ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਪਰੈਲ
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ 16 ਸਕੂਲਾਂ ਵਿੱਚ ਲੈਬਜ਼, ਮਾਡਰਨ ਕਲਾਸ ਰੂਮ, ਲਾਇਬਰੇਰੀ, ਚਾਰਦੀਵਾਰੀ ਤੇ ਬਾਥਰੂਮ ਸਮੇਤ 40 ਤੋਂਂ ਵੱਧ ਵਿਕਾਸ ਕਾਰਜਾਂ ਸਬੰਧੀ ਸੰਪੂਰਨਤਾ ਪ੍ਰੋਗਰਾਮ ਕਰਵਾਏ ਗਏ। ਜਿਨ੍ਹਾਂ ਦੇ ਉਦਘਾਟਨ ਜਿਲ੍ਹੇ ਦੇ ਅੱਧੀ ਦਰਜਨ ਵਿਧਾਇਕਾਂ ਵੱਲੋਂ ਕੀਤੇ ਗਏ। ਇਨ੍ਹਾਂ ਸਕੂਲਾਂ ’ਚ ਸ਼ਿਰਕਤ ਕਰਨ ਵਾਲ਼ੇ ਵਿਧਾਇਕਾਂ ’ਚ ਅਜੀਤਪਾਲ ਕੋਹਲੀ, ਚੇਤਨ ਜੌੜਾਮਾਜਰਾ, ਨੀਨਾ ਮਿੱਤਲ, ਕੁਲਵੰਤ ਬਾਜੀਗਰ ਤੇ ਗੁਰਲਾਲ ਘਨੌਰ ਸ਼ਾਮਲ ਰਹੇ। ਜਦਕਿ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਗੈਰਮੌਜੂਦਗੀ ’ਚ ਉਨ੍ਹਾਂ ਦੀ ਸੁਪਤਨੀ ਸਿਮਰਜੀਤ ਕੌਰ ਤੇ ਪੁੱਤਰ ਹਰਜਸ਼ਨ ਪਠਾਣਮਾਜਰਾ ਨੇ ਸਕੂਲ ਸਮਾਗਮ ’ਚ ਭਾਗ ਲਿਆ।
ਘਨੌਰ ਹਲਕੇ ਦੇ ‘ਫਰੀਡਮ ਫਾਈਟਰ ਉਜਾਗਰ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਨਰੜੂ’ ਵਿਖੇ ਵਿਕਾਸ ਕਾਰਜਾਂ ਨੂੰ ਵਿਧਾਇਕ ਗੁਰਲਾਲ ਘਨੌਰ ਨੇ ਲੋਕ ਅਰਪਿਤ ਕੀਤਾ। ਇਸ ਮੌਕੇ ਸਕੂਲ ਮੁਖੀ ਦਲਬਾਰਾ ਸਿੰਘ, ਸਰਪੰਚ ਤਾਰਾ ਸਿੰਘ, ਬੀਡੀਪੀਓ ਜਤਿੰਦਰ ਢਿੱਲੋਂ ਮੌਜੂਦ ਸਨ।
ਸੰਗਰੂਰ /ਮਸਤੂਆਣਾ ਸਾਹਿਬ (ਗੁਰਦੀਪ ਸਿੰਘ ਲਾਲੀ/ਸਤਨਾਮ ਸਿੰਘ ਸੱਤੀ): ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 6 ਸਰਕਾਰੀ ਸਕੂਲਾਂ ਵਿਚ 2.51 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇੜਲੇ ਪਿੰਡ ਬਡਰੁੱਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਵਿੱਚ 1.98 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਿਕਾਸ ਪ੍ਰੋਜੈਕਟਾਂ ਸਾਇੰਸ ਲੈਬ, ਲਾਇਬ੍ਰੇਰੀ, ਫਿਜਿਕਸ ਲੈਬ, ਬਾਇਓ ਲੈਬ, ਕੰਪਿਊਟਰ ਲੈਬ, ਰਿਸੋਰਸ ਰੂਮ ਦੇ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਲੌਂਗੋਵਾਲ ਨੇੜਲੇ ਪਿੰਡ ਤਕੀਪੁਰ ਦੇ ਸਰਕਾਰੀ ਹਾਈ ਸਕੂਲ ਵਿੱਚ 9.55 ਲੱਖ ਨਾਲ ਬਣਨ ਵਾਲੇ ਨਵੇਂ ਕਲਾਸ ਰੂਮ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ 9.55 ਲੱਖ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕਲਾਸ ਰੂਮ ਦੇ ਨੀਹ ਪੱਥਰ ਰੱਖੇ। ਇਸ ਉਪਰੰਤ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸਾਹੋਕੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢੱਡਰੀਆਂ ਵਿਖੇ 9.55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕਮਰੇ ਦਾ ਨੀਂਹ ਪੱਥਰ ਰੱਖਿਆ। ਅਮਨ ਅਰੋੜਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਵਿਖੇ 9.55 ਲੱਖ ਨਾਲ ਤਿਆਰ ਹੋਣ ਵਾਲੇ ਕਮਰੇ ਦਾ ਨੀਂਹ ਪੱਥਰ ਰੱਖਣ ਦੇ ਨਾਲ ਨਾਲ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਵੀ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਸਾਲਾਂ ਵਿੱਚ 9000 ਤੋਂ ਵਧੇਰੇ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐੱਸਡੀਐੱਮ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ, ਰਣਦੀਪ ਸਿੰਘ ਸਰਪੰਚ ਬਡਰੁੱਖਾਂ, ਲੈਕਚਰਾਰ ਕ੍ਰਿਸ਼ਨ ਸਿੰਘ, ਗੁਰਜੀਤ ਸਿੰਘ ਮਿੰਟੂ ਪੰਚ, ਰਾਜੇਸ਼ਵਰ ਸ਼ਰਮਾ, ਸਤਨਾਮ ਸਿੰਘ ਕਾਲਾ ਬਡਰੁੱਖਾਂ, ਗੁਰਦੀਪ ਸਿੰਘ ਸੰਧੂ, ਜੱਸੀ ਬਡਰੁੱਖਾਂ ਅਤੇ ਬਲਦੇਵ ਸਿੰਘ ਪੰਚ ਮੌਜੂਦ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ਦੇ ਨਵੇਂ ਕਮਰਿਆਂ ਦੀ ਉਸਾਰੀ ਤੇ ਖੇਡ ਗਰਾਊਂਡ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਦੀ ਰਸਮ ਹਰਮੀਤ ਸਿੰਘ ਪਠਾਣਮਾਜਰਾ ਵਿਧਾਇਕ ਹਲਕਾ ਸਨੌਰ ਦੀ ਪਤਨੀ ਸਿਮਰਨਜੀਤ ਕੌਰ ਅਤੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਨਿਭਾਈ। ਇਸ ਮੌਕੇ ਡਿਪਟੀ ਡੀਈਓ ਡਾ. ਰਵਿੰਦਰਪਾਲ ਸ਼ਰਮਾ, ਹਰਦੇਵ ਸਿੰਘ ਅਤੇ ਸਾਹਿਬ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ, ਗੁਰਪ੍ਰੀਤ ਗੁਰੀ ਪੀਏ, ਜਸਵਿੰਦਰ ਸਿੰਘ ਰਿੰਕੂ ਸਮਰਾ ਬੈਲਜੀਅਮ, ਗੁਰਨਾਮ ਸਿੰਘ, ਪ੍ਰਿੰਸੀਪਲ ਸੁਧੀਰ ਕੁਮਾਰ, ਤਰਸੇਮ ਸਿੰਘ ਜੋਨਲ ਸਕੱਤਰ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ ਬਹਿਰ ਜੱਛ, ਸਰਕਾਰੀ ਪ੍ਰਾਇਮਰੀ ਸਕੂਲ ਸਾਗਰਾ, ਤੇਈਪੁਰ, ਮਤੋਲੀ ਤੇ ਗੁਰੂਨਾਨਕਪੁਰਾ ਵਿਖੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ, 12 ਹਜ਼ਾਰ ਦੇ ਕਰੀਬ ਕੱਚੇ ਅਧਿਆਪਕ ਪੱਕੇ ਕਰਨ ਸਮੇਤ 20 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।
ਧੂਰੀ (ਬੀਰਬਲ ਰਿਸ਼ੀ): ਸਰਕਾਰੀ ਹਾਈ ਸਕੂਲ ਪਲਾਸੌਰ ਵਿੱਚ 15 ਲੱਖ ਦੀ ਲਾਗਤ ਨਾਲ ਤਿਆਰ ਸਟੇਡੀਅਮ ਦਾ ਸ਼ੈੱਡ ਤੇ 1.60 ਲੱਖ ਦੀ ਲਾਗਤ ਨਾਲ ਤਿਆਰ ਟਰੈਕ ਅਤੇ 2.80 ਲੱਖ ਦੀ ਲਾਗਤ ਨਾਲ ਬਣਾਏ ਬਾਥਰੂਮ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜਾਂ ਰਾਜਵੰਤ ਸਿੰਘ ਘੁੱਲੀ ਅਤੇ ਦਲਵੀਰ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਖਾਸ ਤੌਰ ’ਤੇ ‘ਆਪ’ ਕੋਆਰਡੀਨੇਟਰ (ਸਿੱਖਿਆ) ਦਰਸ਼ਨ ਸਿੰਘ ਪਾਠਕ, ਆਪ ਆਗੂ ਰਛਪਾਲ ਸਿੰਘ, ਜਗਤਾਰ ਸਿੰਘ ਸ਼ੇਰਗਿੱਲ ਹਾਜ਼ਰ ਸਨ। ‘ਆਪ’ ਕੋਆਰਡੀਨੇਟਰ ਸਿੱਖਿਆ ਦਰਸ਼ਨ ਸਿੰਘ ਪਾਠਕ ਨੇ ਦੱਸਿਆ ਕਿ 11 ਅਪਰੈਲ ਨੂੰ ਸਰਕਾਰੀ ਹਾਈ ਸਕੂਲ ਬਰੜਵਾਲ 20.75 ਲੱਖ ਦੀ ਲਾਗਤ ਨਾਲ ਤਿਆਰ ਸਕੂਲ ਦੀ ਬਾਉਂਡਰੀ ਵਾਲ ਲਈ 4.15 ਹਜ਼ਾਰ, ਸਟੇਡੀਅਮ ਦੇ ਟਰੈਕ ਲਈ 1.60 ਲੱਖ, ਸ਼ੈੱਡ ਲਈ 15 ਲੱਖ ਅਤੇ ਉਸੇ ਦਿਨ ਸਰਕਾਰੀ ਹਾਈ ਸਕੂਲ ਭਲਵਾਨ ਵਿਖੇ ਉਦਘਾਟਨੀ ਸਮਾਗਮ ਕੀਤੇ ਜਾਣਗੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ/ਪਰਮਜੀਤ ਸਿੰਘ ਕੁਠਾਲਾ): ਅੱਜ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਨੇ 29.40 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਵਿਖੇ ਨਵੇਂ ਉਸਾਰੇ ਤੇ ਨਵੀਨੀਕਰਨ ਕੀਤੇ ਪਖਾਨਿਆਂ ਅਤੇ ਕਮਰਿਆਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਜ਼ਿਲ੍ਹੇ ਦੇ 162 ਪ੍ਰਾਇਮਰੀ ਅਤੇ ਹਾਈ ਸਕੂਲਾਂ ਦੇ ਬੁਨਿਆਂਦੀ ਢਾਂਚੇ ਦੀ ਨੁਹਾਰ ਬਦਲਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਹਲਕਾ ਮਾਲੇਰਕੋਟਲਾ ਦੇ 64 ਅਤੇ ਹਲਕਾ ਅਮਰਗੜ੍ਹ ਦੇ 98 ਪ੍ਰਾਇਮਰੀ ਅਤੇ ਹਾਈ ਸਕੂਲ ਸ਼ਾਮਲ ਹਨ।
ਅਧਿਆਪਕ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ: ਜੌੜਾਮਾਜਰਾ
ਸਮਾਣਾ (ਸੁਭਾਸ਼ ਚੰਦਰ): ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਸਮਾਣਾ ਦੇ ਤਿੰਨ ਸਕੂਲਾਂ ਐਲੀਮੈਂਟਰੀ ਸਕੂਲ ਮਲਕਾਨਾ ਪਤੀ, ਮੋਹਿਤ ਲੈਫਟੀਨੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਅਤੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿੱਚ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਸਕੂਲਾ ਦੇ ਕਮਰਿਆਂ ਦਾ ਨਵੀਨੀਕਰਨ, ਖੇਡਾਂ ਦੇ ਮੈਦਾਨ, ਬਾਥਰੂਮ ਅਤੇ ਸਕੂਲ ਦੀ ਚਾਰ ਦੀਵਾਰੀ ਦੇ ਕੰਮ ਮੁਕੰਮਲ ਕਰਕੇ ਵਿਦਿਆਰਥੀਆਂ ਦੇ ਸਪੁਰਦ ਕੀਤੇ। ਉਨ੍ਹਾਂ ਸਮਾਗਮਾਂ ਵਿੱਚ ਸੰਬੋਧਨ ਕਰਦਿਆਂ ਸਰਕਾਰ ਦੀ ਸਿੱਖਿਆ, ਸਿਹਤ ਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਪ੍ਰਤੀ ਬਣਾਈਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਪੜਾਉਣ। ਇਸ ਮੌਕੇ ਸਕੂਲਾਂ ਵਿੱਚ ਸਿੱਖਿਆ ਤਾਲਮੇਲ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮਨਜੀਤ ਕੌਰ ਬਸੀ, ਹਰਜੋਤ ਕੌਰ, ਅਮਰੀਕ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਪੀਏ ਗੁਰਦੇਵ ਟਿਵਾਣਾ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਸੰਜੇ ਮੰਤਰੀ, ਰਵਿੰਦਰ ਸੋਹਲ ਹਾਜ਼ਰ ਸਨ।
ਪਿਛਲੇ ਤਿੰਨ ਸਾਲਾਂ ’ਚ ਸਕੂਲਾਂ ਦੀ ਦਿੱਖ ਬਦਲੀ: ਨੀਨਾ ਮਿੱਤਲ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਵਿੱਚ ਲੱਖਾਂ ਰੁਪਏ ਦੀ ਗਰਾਂਟਾਂ ਨਾਲ ਹੋਏ ਵਿਕਾਸ ਕਾਰਜਾਂ ਨੂੰ ਮੈਡਮ ਨੀਨਾ ਮਿੱਤਲ ਵਿਧਾਇਕਾ ਵਿਧਾਨ ਸਭਾ ਹਲਕਾ ਰਾਜਪੁਰਾ ਨੇ ਲੋਕ ਅਰਪਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵੱਲੋਂ ਸਵਾਗਤੀ ਗੀਤ ਰਾਹੀਂ ਹੋਈ। ਸਕੂਲ ਮੁਖੀ ਪ੍ਰਿੰਸੀਪਲ ਡਾ. ਨਰਿੰਦਰ ਕੌਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਮੁੱਖ ਮਹਿਮਾਨ ਵਿਧਾਇਕਾ ਰਾਜਪੁਰਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਹੇਠ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਵਿੱਚ ਸਕੂਲਾਂ ਦੀ ਦਿੱਵ ਬਦਲ ਦਿੱਤੀ ਹੈ ਅਤੇ ਹਰ ਬੱਚੇ ਨੂੰ ਗੁਣਵੱਤਾ ਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਣ-ਸਿਖਾਉਣ ਵਾਲਾ ਮਾਹੌਲ ਦੇਣ ਲਈ ਇਹ ਯਤਨ ਕੀਤੇ ਜਾ ਰਹੇ ਹਨ। ਵਿਧਾਇਕਾ ਨੀਨਾ ਮਿੱਤਲ ਨੇ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਨਗਦ ਇਨਾਮ ਵੰਡੇ। ਇਸ ਮੌਕੇ ਰਿਤੇਸ਼ ਬਾਂਸਲ, ਅਮਰਿੰਦਰ ਸਿੰਘ ਮੀਰੀ, ਵਿਜੇ ਮੈਨਰੋ, ਜਗਦੀਪ ਅਲੂਣਾ, ਰਾਜਿੰਦਰ ਸਿੰਘ ਚਾਨੀ, ਕੁਲਦੀਪ ਵਰਮਾ, ਮਨਪ੍ਰੀਤ ਸਿੰਘ, ਅਸ਼ਵਨੀ ਅਤੇ ਗੁਰਵੀਰ ਸਰਾਓਂ ਮੌਜੂਦ ਸਨ।