ਵਿਦਿਆਰਥੀਆਂ ਲਈ ਵਰਦਾਨ ਬਣੀ ਜਨਤਕ ਲਾਇਬਰੇਰੀ
ਧੂਰੀ ਦੀ ਜਨਤਕ ਲਾਇਬਰੇਰੀ ਦਾ ਵੱਡੀ ਗਿਣਤੀ ਵਿਦਿਆਰਥੀ ਲਾਹਾ ਲੈ ਰਹੇ ਹਨ। ਇਸ ਲਾਇਬਰੇਰੀ ਦਾ ਉਦਘਾਟਨ ਜੁਲਾਈ ਮਹੀਨੇ ਵਿੱਚ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਲਗਪਗ 1.59 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਜਨਤਕ ਲਾਇਬਰੇਰੀ ਵਿੱਚ ਰੋਜ਼ਾਨਾ ਵੱਡੀ ਗਿਣਤੀ...
ਧੂਰੀ ਦੀ ਜਨਤਕ ਲਾਇਬਰੇਰੀ ਦਾ ਵੱਡੀ ਗਿਣਤੀ ਵਿਦਿਆਰਥੀ ਲਾਹਾ ਲੈ ਰਹੇ ਹਨ। ਇਸ ਲਾਇਬਰੇਰੀ ਦਾ ਉਦਘਾਟਨ ਜੁਲਾਈ ਮਹੀਨੇ ਵਿੱਚ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਲਗਪਗ 1.59 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਜਨਤਕ ਲਾਇਬਰੇਰੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਪੁੱਜਦੇ ਹਨ। ਵਾਈ-ਫਾਈ, ਸੂਰਜੀ ਊਰਜਾ, ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਇਸ ਜਨਤਕ ਲਾਇਬਰੇਰੀ ਨੇ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਹੈ। ਅਭਿਸ਼ੇਕ ਯਾਦਵ ਨੇ ਦੱਸਿਆ ਕਿ ਉਹ ਸੀ ਏ ਦੀ ਪੜ੍ਹਾਈ ਕਰ ਰਿਹਾ ਹੈ ਤੇ ਰੋਜ਼ਾਨਾ ਧੂਰੀ ਦੀ ਜਨਤਕ ਲਾਇਬਰੇਰੀ ਵਿੱਚ ਪੜ੍ਹਨ ਆਉਂਦਾ ਹੈ। ਉਸ ਨੇ ਦੱਸਿਆ ਕਿ ਘਰ ਬੈਠੇ ਕੇ ਪੜ੍ਹਨ ਸਮੇਂ ਉਹ ਇਕਾਗਰਤਾ ਨਹੀਂ ਬਣ ਪਾਉਂਦੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਪੜ੍ਹਨ ਲਈ 20 ਕਿਲੋਮੀਟਰ ਦੂਰ ਖਰਚਾ ਕਰਕੇ ਮਾਲੇਰਕੋਟਲਾ ਲਾਇਬ੍ਰੇਰੀ ਜਾਣਾ ਪੈਂਦਾ ਸੀ ਤੇ ਹੁਣ ਉਹ ਇੱਥੇ ਪੜ੍ਹਨ ਆਉਂਦਾ ਹੈ। ਵਿਦਿਆਰਥੀ ਦੀਪਕ ਸਿੰਘ ਨੇ ਦੱਸਿਆ ਕਿ ਧੂਰੀ ਵਿੱਚ ਲਾਇਬਰੇਰੀ ਖੁੱਲ੍ਹਣ ਨਾਲ ਇਲਾਕੇ ਨੂੰ ਵੱਡਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀ ਇਕ ਦੂਸਰੇ ਦੀ ਪੜ੍ਹਾਈ ਵਿੱਚ ਸਹਾਇਤਾ ਵੀ ਕਰਦੇ ਹਨ ਤੇ ਸਵਾਲ ਹੱਲ ਹੋ ਜਾਂਦੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਪਹਿਲਾਂ ਇਸ ਲਾਇਬਰੇਰੀ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਸੀ, ਪਰ ਵਿਦਿਆਰਥੀਆਂ ਵੱਲੋਂ ਇਸ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ ਗਈ, ਜਿਸ ਨੂੰ ਪੰਜਾਬ ਸਰਕਾਰ ਨੇ ਤੁਰੰਤ ਸਵੀਕਾਰਦਿਆਂ ਹੁਣ ਇਸ ਲਾਇਬਰੇਰੀ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਕਰ ਦਿੱਤਾ ਹੈ।