ਤਨਖ਼ਾਹਾਂ ਨਾ ਮਿਲਣ ਖ਼ਿਲਾਫ਼ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਮੁਜ਼ਾਹਰਾ
ਪਟਿਆਲਾ ਵਿੱਚ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਏਟਕ, ਇੰਟਕ, ਕਰਮਚਾਰੀ ਦਲ, ਐੱਸਸੀਬੀਸੀ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਤੇ ਆਧਾਰਿਤ ਕੰਮ ਕਰਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਰੋਸ ਭਰਪੂਰ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ। ਕਿਉਂਕਿ ਪੀਆਰਟੀਸੀ ਵੱਲੋਂ ਆਪਣੇ ਰੈਗੂਲਰ ਮੁਲਾਜ਼ਮਾਂ ਨੂੰ 25 ਤਰੀਕ ਹੋਣ ਦੇ ਬਾਵਜੂਦ ਜੂਨ ਮਹੀਨੇ ਦੀ ਤਨਖ਼ਾਹ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ। ਇਹ ਆਰਥਿਕ ਜ਼ੁਲਮ ਪੰਜਾਬ ਦੀ ਆਮ ਆਦਮੀ ਦੇ ਨਾਂ ’ਤੇ ਬਣੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦਾ ਹੀ ਸਿੱਟਾ ਹੈ ਕਿ ਵਰਕਰਾਂ ਨੂੰ ਤਨਖ਼ਾਹ ਮਹੀਨਾ-ਮਹੀਨਾ ਲੇਟ ਮਿਲ ਰਹੀ ਹੈ। ਆਗੂਆਂ ਨੇ ਕਿਹਾ ਨਾ ਪੇਅ ਕਮਿਸ਼ਨ ਦਾ ਬਕਾਇਆ ਦਿੱਤਾ ਜਾ ਰਿਹਾ ਹੈ ਨਾ ਹੀ ਮੈਡੀਕਲ ਬਿੱਲਾਂ ਦੇ ਪੈਸੇ ਮਿਲਦੇ ਹਨ, ਨਾ ਹੀ ਐੱਲਟੀਸੀ, ਡੀਏ ਦੀਆਂ ਕਿਸ਼ਤਾਂ ਦਾ ਏਰੀਅਰ ਦਿੱਤਾ ਜਾ ਰਿਹਾ ਹੈ। ਸੇਵਾਮੁਕਤ ਕਰਮਚਾਰੀਆਂ ਦੇ ਸੇਵਾਮੁਕਤੀ ਉਪਰੰਤ ਮਿਲਣ ਵਾਲੀਆਂ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ। ਪ੍ਰਾਈਵੇਟ ਬੱਸ ਲਾਬੀ ਦੇ ਦਬਾਅ ਹੇਠ ਸਰਕਾਰੀ ਖੇਤਰ ਦੀ ਟਰਾਂਸਪੋਰਟ ਵਿੱਚ ਬੱਸਾਂ ਪਾਉਣ ਨਹੀਂ ਦਿੱਤੀਆਂ ਜਾ ਰਹੀਆਂ।