ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਆਗੂਆਂ ਨੂੰ ਗ੍ਰਿਫ਼ਤਾਰ ਕਰਨ ’ਤੇ ਰੋਸ
ਮੁੱਖ ਮੰਤਰੀ ਨੂੰ ਲਹਿਰਾਗਾਗਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਿਲਣਾ ਚਾਹੁੰਦਾ ਸੀ: ਦੁਰਲੱਭ ਸਿੱਧੂ
ਲਹਿਰਾਗਾਗਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਦੁਰਲੱਭ ਸਿੰਘ ਸਿੱਧੂ ਤੇ ਹੋਰਾਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਰੱਖਿਆ ਗਿਆ ਜਿਸ ਦੀ ਕਾਂਗਰਸ ਨੇ ਨਿਖੇਧੀ ਕੀਤੀ ਹੈ। ਦੁਰਲੱਭ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਪੰਜ ਘੰਟੇ ਲਈ ਪੁਲੀਸ ਵੱਲੋਂ ਹਿਰਾਸਤ ਵਿੱਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਦੁਰਲੱਭ ਸਿੰਘ ਸਿੱਧੂ ਲਾਈਵ ਵੀਡੀਓ ਕਰ ਰਹੇ ਸਨ ਜਿਸ ਵਿੱਚ ਉਹ ਲੋਕਾਂ ਨੂੰ ਵਿਖਾ ਰਹੇ ਸਨ ਕਿ ਮੁੱਖ ਮੰਤਰੀ ਦੇ ਦੌਰੇ ਕਰਕੇ ਲਹਿਰਾਗਾਗਾ ਬੱਸ ਅੱਡਾ ਬੰਦ ਕਰਵਾ ਦਿੱਤਾ ਗਿਆ ਅਤੇ ਦੁਕਾਨਦਾਰਾਂ ਨੂੰ ਜਬਰਨ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਲੋਕਾਂ ਦੀਆਂ ਅਸਲ ਸਮੱਸਿਆਵਾਂ ਉਠਾਉਣ ਦੀ ਥਾਂ ਪੁਲੀਸ ਨੇ ਉਨ੍ਹਾਂ ਨੂੰ ਹੀ ਰੋਕ ਲਿਆ। ਦੁਰਲੱਭ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਿਰਫ਼ ਲਹਿਰਾਗਾਗਾ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖਣਾ ਚਾਹੁੰਦੇ ਸਨ ਜਿਨ੍ਹਾਂ ਵਿੱਚ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਤਬਦੀਲ ਕਰਨ ਤਾਂ ਜੋ ਇਲਾਕੇ ਨੂੰ ਤਾਲੀਮੀ ਅਤੇ ਸਿਹਤ ਸਹੂਲਤਾਂ ਮਿਲ ਸਕਣ। ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਖ਼ਾਸ ਕਰਕੇ ਖਨੌਰੀ ਖੇਤਰ ਦੇ ਕੁਝ ਪਿੰਡਾਂ ਵਿੱਚ ਜਿੱਥੇ ਜ਼ਮੀਨੀ ਪਾਣੀ ਪੀਣ ਜੋਗ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪਖ਼ਰਾ ਕੈਨਾਲ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਵੇ। ਲਹਿਰਾ, ਮੂਨਕ ਅਤੇ ਖਨੌਰੀ ਹਸਪਤਾਲਾਂ ਵਿੱਚ ਨਵਾਂ ਸਟਾਫ ਅਤੇ ਢਾਂਚੇ ਦੀ ਲੋੜ ਹੈ। ਉਨ੍ਹਾਂ ਲਹਿਰਾਗਾਗਾ ਦੇ ਲਿੰਕ ਰੋਡਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ। ਦੁਰਲੱਭ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਤਾਨਾਸ਼ਾਹੀ ਰਵੱਈਆ ਨਿੰਦਣਯੋਗ ਹੈ। ਲੋਕਾਂ ਦੀਆਂ ਆਵਾਜ਼ਾਂ ਨੂੰ ਰੋਕਣ ਦੀ ਬਜਾਏ ਸਰਕਾਰ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਨੇ ਹਲਕਾ ਲਹਿਰਾਗਾਗਾ ਦੀਆਂ ਕੁਝ ਅਹਿਮ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਮੁੱਖ ਮੰਤਰੀ ਨੂੰ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਸਵੇਰ ਤੋਂ ਹੀ ਬੀਬੀ ਭੱਠਲ ਦੀ ਕੋਠੀ ਦੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਪੁਲੀਸ ਨੇ ਕਾਂਗਰਸ ਆਗੂ ਨੂੰ ਕੁਝ ਸਮਾਂ ਕੋਠੀ ਅੰਦਰ ਹੀ ਨਜ਼ਰਬੰਦ ਰੱਖਿਆ ਜਿਸ ਸਮੇਂ ਸਿੱਧੂ ਆਪਣੀ ਕੋਠੀ ਵਿੱਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਪੁਲੀਸ ਨੇ ਕੋਠੀ ਦੇ ਮੁੱਖ ਗੇਟ ਨੂੰ ਬਾਹਰ ਤੋਂ ਜਿੰਦਰਾ ਲਗਾ ਦਿੱਤਾ ਤਾਂ ਜੋ ਕੋਈ ਵੀ ਕਾਂਗਰਸੀ ਵਰਕਰ ਬਾਹਰ ਨਾ ਆ ਸਕੇ। ਬਾਹਰ ਆਉਣ ’ਤੇ ਰਾਹੁਲਇੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ।