ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਲਈ ਚੰਡੀਗੜ੍ਹ-ਮੁਹਾਲੀ ਦੀਆਂ ਬਰੂਹਾਂ ’ਤੇ 2023 ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਅੱਜ ਮੁਸਲਿਮ ਤੇ ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿੱਚ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਬਾਰ ਐਸੋਸਏਸ਼ਨ ਮਾਲੇਰਕੋਟਲਾ ਚੌਧਰੀ ਲਿਆਕਤ ਅਲੀ ਲਿਆਕੀ, ਹਾਜ਼ੀ ਮੁਹੰਮਦ ਬਾਬੂ ਪ੍ਰਧਾਨ ਮਸਜਿਦ ਕਮੇਟੀ ਹੁਜ਼ੈਫਾ, ਡਾ. ਮੇਹਰਦੀਨ, ਚੌਧਰੀ ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ ਕਿਲਾ ਰਹਿਮਤਗੜ੍ਹ, ਸ਼ੌਕਤ ਅਲੀ ਸ਼ੋਕੀ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਹਰਮੀਤ ਸਿੰਘ ਸਰਪੰਚ, ਜਸਵੀਰ ਸਿੰਘ, ਜਤਿੰਦਰਪਾਲ ਸਿੰਘ ਤੇ ਕੁਲਵੰਤ ਸਿੰਘ ਨੇ ਕਿਹਾ ਕਿ 32-32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਕੀਤੇ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਹੀ ਬੰਦ ਰੱਖਣਾ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਸਿੱਖਾਂ ਅਤੇ ਦੇਸ਼ ਅੰਦਰ ਵਸਦੀਆਂ ਘੱਟ ਗਿਣਤੀਆਂ ਨਾਲ ਵਿਤਰਕੇ ਭਰਿਆ ਗੈਰ ਮਨੁੱਖੀ ਰਵੱਈਆ ਹੈ। ਮੁਹੰਮਦ ਜਮੀਲ ਐਡਵੋਕੇਟ ਨੇ ਕਿਹਾ ਕਿ ਕੌਮੀ ਇਨਸਾਫ ਮੋਰਚਾ ਸਿਰਫ ਸਿੱਖਾਂ ਦੀ ਗੱਲ ਨਹੀਂ ਕਰਦਾ ਸਗੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਚੁੱਕੀ ਜਾ ਰਹੀ ਹਰ ਆਵਾਜ਼ ਨਾਲ ਡਟ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਨੇ ਵਕਫ ਸੋਧ ਬਿੱਲ ਜਾਂ ਜੇਐੱਨਯੂ ਵਿਦਿਆਰਥੀ ਨੇਤਾ ਉਮਰ ਖਾਲਿਦ ਸਮੇਤ ਸਾਲਾਂ ਤੋਂ ਜੇਲ੍ਹਾਂ ਵਿਚ ਡੱਕੇ ਸੈਂਕੜੇ ਨੌਜਵਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਵਲੋਂ ਸਿੱਖ ਭਾਈਚਾਰੇ ਨਾਲ ਹੋ ਰਹੇ ਪੱਖਪਾਤ ਅਤੇ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਦਫ਼ਤਰ ਅੱਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫ਼ੂਕਦਿਆਂ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀ ਸਿੱਖ ਵਿਰੋਧੀ ਨੀਤੀਆਂ ਬੰਦ ਕਰਨ ਅਤੇ ਜੇਲ੍ਹਾਂ ਵਿਚ ਬੰਦ ਸਿੱਖ ਨੌਜ਼ਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰਾਂ ਨੂੰ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਨਾ ਹੀ ਸਮੇਂ ਦੀ ਹਕੂਮਤ ਪੰਜਾਬ ਅਤੇ ਸਿੱਖਾਂ ਦੇ ਦਰਦ ਨੂੰ ਮਹਿਸੂਸ ਕਰ ਰਹੀ ਹੈ ਜਿਸ ਕਾਰਨ ਹੀ ਮੋਰਚੇ ਵਲੋਂ ਸੰਘਰਸ਼ ਉਲੀਕਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜੇਲ੍ਹਾਂ ਵਿਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਪਾਰਟੀ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਹੋਰ ਵੀ ਸਖ਼ਤ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਕਾਲਾਬੂਲਾ, ਜ਼ਿਲ੍ਹਾ ਯੂਥ ਪ੍ਰਧਾਨ ਸਤਿਨਾਮ ਸਿੰਘ ਰੱਤੋਕੇ, ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ, ਜਰਨਲ ਸਕੱਤਰ ਕੁਲਵੰਤ ਸਿੰਘ ਲੱਡੀ, ਸਰਬਜੀਤ ਸਿੰਘ ਅਲਾਲ, ਅਮਰਜੀਤ ਸਿੰਘ ਬਾਦਸ਼ਾਹਪੁਰ ਤੇ ਸਾਧੂ ਸਿੰਘ ਪੇਧਨੀ ਆਦਿ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਕੌਮੀ ਇਨਸਾਫ਼ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਲੈਣ ਲਈ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਪੁੱਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਪਟਿਆਲਾ ਤੱਕ ਕੀਤਾ ਗਿਆ। ਇਸ ਦੌਰਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ ਕੌਮੀ ਇਨਸਾਫ਼ ਮੋਰਚੇ ਦਾ ਪੱਕਾ ਧਰਨਾ ਚੱਲ ਰਿਹਾ ਹੈ। ਕੌਮੀ ਇਨਸਾਫ਼ ਮੋਰਚੇ ਵੱਲੋਂ ਇਹ ਅੰਦੋਲਨ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਮਾਮਲਿਆਂ ਵਿੱਚ ਇਨਸਾਫ਼ ਲੈਣ ਲਈ ਅੰਦੋਲਨ ਲੜਿਆ ਜਾ ਰਿਹਾ ਹੈ। ਅੱਜ ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪੁੱਡਾ ਗਰਾਊਂਡ ਵਿੱਚ ਇਕੱਠੇ ਹੋਏ। ਜਿੱਥੇ ਵੱਖ-ਵੱਖ ਆਗੂਆਂ ਨੇ ਉਨ੍ਹਾਂ ਨੂੰ ਸੰਬੋਧਨ ਕੀਤਾ।