ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਮੁਜ਼ਾਹਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਦੇ ਅਧਿਆਪਕਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ਸਥਿਤ ਮੁੱਖ ਚੌਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਵਾਰ-ਵਾਰ ਅੱਗੇ ਪਾਉਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਸਥਾਨਕ ਸਿਵਲ ਹਸਪਤਾਲ ਕੰਪਲੈਕਸ ਨੇੜੇ ਇਕੱਠੇ ਹੋਏ ਜਿਥੋਂ ਵਰ੍ਹਦੇ ਮੀਂਹ ਵਿੱਚ ਰੋਸ ਮਾਰਚ ਕਰਦੇ ਹੋਏ ਸਟੇਟ ਹਾਈਵੇਅ-11 ਉਪਰ ਸਥਿਤ ਭਗਵਾਨ ਮਹਾਂਵੀਰ ਚੌਕ ਪੁੱਜੇ ਅਤੇ ਹੱਥਾਂ ਵਿੱਚ ਪੋਸਟਰ ਚੁੱਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਪੱਕਾ ਕਰਨ ਲਈ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਨਾਲ ਯੂਨੀਅਨ ਨੂੰ ਮੀਟਿੰਗਾਂ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਫਿਰ ਵਾਰ-ਵਾਰ ਮੀਟਿੰਗਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਬਨਿਟ ਸਬ-ਕਮੇਟੀ ਮੈਰੀਟੋਰੀਅਸ ਟੀਚਰਾਂ ਦੇ ਚੰਗੇ ਨਤੀਜਿਆਂ ਨੂੰ ਨਕਾਰਦੀ ਹੋਈ ਮੈਰੀਟੋਰੀਅਸ ਟੀਚਰਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਬਾਬਤ ਕੋਈ ਸੰਜੀਦਗੀ ਨਹੀਂ ਦਿਖਾ ਰਹੀਂ ਅਤੇ ਲਗਾਤਾਰ ਲਾਰੇ ਲੱਪੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ ਜਿਸ ਕਾਰਨ ਅਧਿਆਪਕਾਂ ’ਚ ਰੋਸ ਹੈ। ਜਨਰਲ ਸਕੱਤਰ ਡਾ. ਅਜੈ ਸ਼ਰਮਾ ਅਤੇ ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵਾਅਦਾਖ਼ਿਲਾਫ਼ੀ ਛੱਡ ਕੇ 8886 ਅਧਿਆਪਕਾਂ ਦੀ ਤਰਜ਼ ’ਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਤਿੱਖੇ ਰੂਪ ਵਿੱਚ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਅਧਿਆਪਕਾਂ ਦੇ ਰੋਹ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 29 ਜੁਲਾਈ 2025 ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਾਉਣ ਅਤੇ ਮੀਟਿੰਗ ਦਾ ਲਿਖਤੀ ਪੱਤਰ ਸੋਮਵਾਰ ਨੂੰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਵਿਪਨੀਤ ਕੌਰ, ਜਸਵਿੰਦਰ ਸਿੰਘ, ਮਨਜਿੰਦਰ ਕੌਰ, ਸੁਖਜੀਤ ਸਿੰਘ, ਅਜੈ ਕੁਮਾਰ, ਮਨੋਜ ਕੁਮਾਰ, ਵਿਕਾਸ ਕੁਮਾਰ ਅਤੇ ਕੇਵਲ ਸਿੰਘ ਆਦਿ ਮੌਜੂਦ ਸਨ।