ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ
ਪੰਜਾਬ ਰੋਡਵੇਜ਼/ ਪਨਬੱਸ/ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਕੰਟਰੈਕਟ ਵਰਕਰਜ਼ ਯੂਨੀਅਨ ਆਜ਼ਾਦ ਦੀ ਅਗਵਾਈ ਹੇਠ ਡਿੱਪੂ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਪੀਆਰਟੀਸੀ ਡਿੱਪੂ ਅੱਗੇ ਧਰਨਾ ਦਿੱਤਾ ਗਿਆ। ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ। ਧਰਨਾਕਾਰੀਆਂ ਨੇ ਡਿਊਟੀ ਸੈਕਸ਼ਨ ਅਧਿਕਾਰੀਆਂ ’ਤੇ ਕੱਚੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਅਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਇਆ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਅਤੇ ਆਜ਼ਾਦ ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਕਾਲਾ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਸਮੇਂ ਤੋਂ ਡਿਊਟੀ ਸੈਕਸ਼ਨ ਅਧਿਕਾਰੀ ਆਸਾਮੀਆਂ ’ਤੇ ਤਾਇਨਾਤ ਹਨ। ਉਸ ਤੋਂ ਬਾਅਦ ਕਾਂਗਰਸ ਸਰਕਾਰ ਸਮੇਂ ਵੀ ਤਬਦੀਲ ਨਹੀਂ ਹੋਏ ਪਰ ਹੁਣ ਵੀ ਇਹੋ ਅਧਿਕਾਰੀ ਕੱਚੇ ਮੁਲਾਜ਼ਮਾਂ ਨੂੰ ਡਿਊਟੀਆਂ ਦੇ ਸਬੰਧ ਵਿੱਚ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੁੱਟੀ ਲੈਣ ਸਮੇਂ ਵੀ ਕੱਚੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਜਾਣਬੁੱਝ ਕੇ ਡਿਊਟੀਆਂ ਬਦਲ ਕੇ ਹੋਰ ਰੂਟਾਂ ਉੱਪਰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਕੱਚੇ ਮੁਲਾਜ਼ਮਾਂ ਨੂੰ ਆਪਣੀਆਂ ਡਿਊਟੀਆਂ ਕਰਨੀਆਂ ਮੁਸ਼ਕਲ ਹੋ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੱਚੇ ਮੁਲਾਜ਼ਮਾਂ ਨੂੰ ਆਪਣੀਆਂ ਯੂਨੀਅਨਾਂ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾਂਦਾ ਹੈ ਜਿਸ ਕਾਰਨ ਕੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਆਜ਼ਾਦ ਜਥੇਬੰਦੀ ਦੇ ਡਿੱਪੂ ਪ੍ਰਧਾਨ ਗੁਰਪਾਲ ਸਿੰਘ ਦਾਰਾ ਨੇ ਕਿਹਾ ਕਿ ਉਹ ਕਈ ਵਾਰ ਅਧਿਕਾਰੀਆਂ ਨੂੰ ਬੇਨਤੀਆਂ ਕਰ ਚੁੱਕੇ ਹਨ ਕਿ ਉਹ ਕੱਚੇ ਮੁਲਾਜ਼ਮ ਹਨ ਅਤੇ ਸਾਡੀ ਲੜਾਈ ਸਰਕਾਰ ਨਾਲ ਹੈ। ਸਰਕਾਰ ਖ਼ਿਲਾਫ਼ ਹੀ ਸਾਡਾ ਸੰਘਰਸ਼ ਜਾਰੀ ਹੈ ਪਰ ਕੱਚੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਤਿੱਖੇ ਰੂਪ ਵਿਚ ਉਲੀਕਿਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ।