ਸੀਵਰੇਜ ਦਾ ਪਾਣੀ ਗਲੀਆਂ ’ਚ ਭਰਨ ਖ਼ਿਲਾਫ਼ ਧਰਨਾ
ਸ਼ਹਿਰ ਦੇ ਵਾਰਡ ਨੰਬਰ 28 ਅਧੀਨ ਪੈਂਦੀ ਰਾਮਨਗਰ ਬਸਤੀ ਦੀ ਗਲੀ ਵਿੱਚ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਵਲੋਂ ਵਾਰਡ ਦੇ ਕੌਂਸਲਰ ਸਤਿੰਦਰ ਸੈਣੀ ਦੀ ਅਗਵਾਈ ਹੇਠ ਹਰੇੜੀ ਰੋਡ ’ਤੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ, ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਆਜ਼ਾਦ ਨਗਰ ਕੌਂਸਲਰ ਸਤਿੰਦਰ ਸੈਣੀ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਹਫਤਿਆਂ ਤੋਂ ਵੀ ਵੱਧ ਸਮੋਂ ਤੋਂ ਵਾਰਡ ਅਧੀਨ ਰਾਮ ਬਸਤੀ ਦੀ ਗਲੀ ਨੰਬਰ 8 ਏ ਵਿਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਗਲੀ ਵਿਚ ਗੰਦਾ ਪਾਣੀ ਖੜ੍ਹਨ ਕਾਰਨ ਜਿਥੇ ਰੋਜ਼ਾਨਾ ਮੁਹੱਲਾ ਨਿਵਾਸੀਆਂ ਨੂੰ ਆਉਣ-ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਪਾਣੀ ਖੜ੍ਹਨ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਵੱਡਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮੁੱਚਾ ਸ਼ਹਿਰ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਲੋਕ ਬੇਹੱਦ ਪ੍ਰੇਸ਼ਾਨ ਹਨ ਪਰ ਇਨ੍ਹਾਂ ਸਮੱਸਿਆਵਾਂ ਨੂੰ ਨਾ ਵਿਧਾਇਕ, ਨਾ ਸਰਕਾਰ, ਨਾ ਪ੍ਰਸ਼ਾਸਨ ਅਤੇ ਨਾ ਹੀ ਨਗਰ ਕੌਂਸਲ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ 15 ਦਿਨ ਬੀਤਣ ਦੇ ਬਾਵਜੂਦ ਵੀ ਗਲੀ ’ਚ ਖੜ੍ਹੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੁਹੱਲਾ ਨਿਵਾਸੀ ਬਲਜਿੰਦਰ ਸਿੰਘ,ਬਲਵੀਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਮਨਜੀਤ ਕੌਰ, ਰਾਮ ਕੁਮਾਰ, ਹਰਜੇਸ਼ ਕੁਮਾਰ, ਕੁਲਦੀਪ ਕੁਮਾਰ ਜਸਵਿੰਦਰ ਸਿੰਘ, ਪਿਆਰਾ ਸਿੰਘ, ਹਰਜੀਤ ਸਿੰਘ, ਗਿਆਨ ਚੰਦ ਆਦਿ ਮੌਜੂਦ ਸਨ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਤੁਰੰਤ ਸਮੱਸਿਆ ਹੱਲ ਕਰਾਉਣ ਦਾ ਭਰੋਸਾ ਦਿਵਾਇਆ। ਜਿਸਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ ਅਤੇ ਪ੍ਰਦਰਸ਼ਨ ਸਮਾਪਤ ਕੀਤਾ।