ਪੁਰਾਣੇ ਮਾਲਕਾਂ ’ਤੇ ਦੁਕਾਨ ਦੇ ਤਾਲੇ ਤੋੜਨ ਦਾ ਦੋਸ਼
ਪੱਤਰ ਪ੍ਰੇਰਕ
ਭਵਾਨੀਗੜ੍ਹ, 30 ਜੂਨ
ਇੱਥੋਂ ਦੇ ਦੁਕਾਨਦਾਰ ਲਵਪ੍ਰੀਤ ਪੁੱਤਰ ਨਰਾਇਣ ਦਾਸ ਨੇ ਦੋਸ਼ ਲਗਾਇਆ ਕਿ ਉਸ ਵੱਲੋਂ ਦੋ ਸਾਲ ਪਹਿਲਾਂ ਬਾਜ਼ਾਰ ਵਿੱਚ ਖ਼ਰੀਦੀ ਗਈ ਦੁਕਾਨ ਦੇ ਪੁਰਾਣੇ ਮਾਲਕਾਂ ਨੇ 18 ਦੀ ਰਾਤ ਨੂੰ ਤਾਲੇ ਤੋੜ ਦਿੱਤੇ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੁਕਾਨਦਾਰ ਲਵਪ੍ਰੀਤ ਨੇ ਦੱਸਿਆ ਕਿ ਉਸ ਨੇ ਦੀਪਕ ਕੁਮਾਰ ਅਰੋੜਾ ਤੋਂ ਦੋ ਸਾਲ ਪਹਿਲਾਂ ਬਾਜ਼ਾਰ ਵਿੱਚ ਇੱਕ ਦੁਕਾਨ 25 ਲੱਖ ਰੁਪਏ ਵਿੱਚ 99 ਸਾਲਾਂ ਦੀ ਲੀਜ਼ ’ਤੇ ਖ਼ਰੀਦੀ ਸੀ, ਜੋ ਕਿ ਦੀਪਕ ਕੁਮਾਰ ਅਰੋੜਾ ਨੇ ਸਵਾ ਦੋ ਸਾਲ ਪਹਿਲਾਂ ਇਹ ਦੁਕਾਨ ਸਚਿਨ ਖੋਸਲਾ ਅਤੇ ਨਿਤਨ ਖੋਸਲਾ ਤੋਂ ਖ਼ਰੀਦੀ ਸੀ। ਜਦੋਂ ਉਸ ਨੇ ਇਹ ਦੁਕਾਨ ਖ਼ਰੀਦੀ ਸੀ ਤਾਂ ਖੋਸਲਾ ਪਰਿਵਾਰ ਨੇ ਉਨ੍ਹਾਂ ਦੀ ਦੁਕਾਨ ’ਤੇ ਆ ਕੇ ਰੌਲਾ ਪਾਇਆ, ਜਿਸ ਕਾਰਨ ਕੇਸ ਕਰਨ ਮਗਰੋਂ ਅਦਾਲਤ ਨੇ ਉਸ ਨੂੰ ਸਟੇਅ ਦੇ ਦਿੱਤੀ ਸੀ ਪਰ ਹੁਣ 18 ਜੂਨ ਦੀ ਰਾਤ ਨੂੰ ਖੋਸਲਾ ਪਰਿਵਾਰ ਨੇ ਦੁਕਾਨ ਦੇ ਤਾਲੇ ਤੋੜ ਦਿੱਤੇ, ਜੋ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਲਵਪ੍ਰੀਤ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਐੱਸਐੱਸਪੀ ਸੰਗਰੂਰ ਦਫਤਰ ਵਿੱਚ ਸ਼ਿਕਾਇਤ ਲਿਖਾਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਦੀਪਕ ਕੁਮਾਰ ਅਰੋੜਾ ਨੇ ਖੋਸਲਾ ਪਰਿਵਾਰ ਤੋਂ ਖਰੀਦ ਕੇ ਅੱਗੇ ਲਵਪ੍ਰੀਤ ਨੂੰ ਦੁਕਾਨ ਵੇਚਣ ਦੀ ਪੁਸ਼ਟੀ ਕੀਤੀ।
ਬਣਦੀ ਕਾਰਵਾਈ ਕਰਾਂਗੇ: ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਲਵਪ੍ਰੀਤ ਦੀ ਸ਼ਿਕਾਇਤ ਪਹੁੰਚ ਗਈ ਹੈ। ਪੁਲੀਸ ਇਸ ਸਬੰਧੀ ਬਣਦੀ ਕਾਰਵਾਈ ਕਰ ਰਹੀ ਹੈ।