ਸ਼ਹੀਦ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ
23 ਨੂੰ ਨਗਰ ਕੀਰਤਨ, 24 ਨੂੰ ਕਵਿਸ਼ਰੀ ਮੁਕਾਬਲੇ ਅਤੇ 25 ਨੂੰ ਪਾਠ ਦੇ ਭੋਗ ਪੈਣਗੇ
ਇਥੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਤੋਂ ਸ਼ਹਿਰ ਵਿਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਬੀਬੀ ਰਵਿੰਦਰ ਕੌਰ ਦੁਲੱਟ ਪ੍ਰਧਾਨ ਅਤੇ ਸ਼ਵਿੰਦਰ ਕੌਰ ਸਕੱਤਰ ਦੀ ਦੇਖ ਰੇਖ ਇਨ੍ਹਾਂ ਪ੍ਰਭਾਤ ਫੇਰੀਆਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਬੀਬੀ ਸੁਰਿੰਦਰ ਕੌਰ, ਮਨਜੀਤ ਕੌਰ, ਸਿਮਰਤ ਕੌਰ ਰਾਣਾ, ਨਿਸ਼ਾ ਰਾਣੀ, ਮਧੂ ਸ਼ਰਮਾ ਤੋਂ ਇਲਾਵਾ ਸੁਰਿੰਦਰ ਪਾਲ ਸਿੰਘ ਸਿਦਕੀ, ਦਲਵੀਰ ਸਿੰਘ ਬਾਬਾ, ਹਰਵਿੰਦਰ ਸਿੰਘ ਪੱਪੂ, ਗੁਰਕੰਵਲ ਸਿੰਘ, ਸੰਦੀਪ ਸਿੰਘ, ਕਰਤਾਰ ਸਿੰਘ, ਲਾਭ ਸਿੰਘ ਝੱਮਟ ਆਦਿ ਵੱਲੋਂ ਗੁਰੂ ਸਾਹਿਬ ਦੀ ਉਸਤਤ ਵਿੱਚ ਸ਼ਬਦਾਂ ਦਾ ਗਾਇਨ ਅਤੇ ਗੀਤਾਂ, ਕਵਿਸ਼ਰੀ ਨਾਲ ਅਧਿਆਤਮਿਕ ਮਾਹੌਲ ਸਿਰਜਿਆ ਜਾ ਰਿਹਾ ਹੈ। ਸ਼ਵਿੰਦਰ ਕੌਰ ਸਕੱਤਰ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ 21 ਨਵੰਬਰ ਤੱਕ ਜਾਰੀ ਰਹਿਣਗੀਆਂ ਅਤੇ 23 ਨਵੰਬਰ ਨੂੰ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਜਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਕਵਿਸ਼ਰੀ ਗਾਇਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ 24 ਨਵੰਬਰ ਨੂੰ ਹੋਣਗੇ ਅਤੇ ਇਸੇ ਦਿਨ ਅੰਮ੍ਰਿਤ ਸੰਚਾਰ ਵੀ ਹੋਵੇਗਾ। ਰਾਤ ਦੇ ਦੀਵਾਨ ਸਜਣਗੇ ਅਤੇ 25 ਨਵੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ।

