ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਵਰਕੌਮ ਦੇ ਅਧਿਕਾਰੀ ਕੰਮ ਦੇ ਬੋਝ ਕਾਰਨ ਹੋਏ ਹਾਲੋਂ ਬੇਹਾਲ

ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦਾ ਐਲਾਨ; ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਮੋਬਾਈਲ ਫੋਨ ਬੰਦ ਰੱਖਣ ਦੀ ਚਿਤਾਵਨੀ
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 4 ਜੁਲਾਈ

Advertisement

ਪਾਵਰਕੌਮ ਦੇ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਸਥਾਨਕ ਸੋਹੀਆਂ ਰੋਡ ਸਥਿਤ ਸੈਂਟਰ ਸਟੋਰ ਦਫ਼ਤਰ ਵਿੱਚ ਐਸੋਸੀਏਸ਼ਨ ਦੇ ਰੀਜਨਲ ਸਕੱਤਰ ਇੰਜ ਪੰਕਜ ਗਰਗ ਐੱਸਡੀਓ ਸੰਗਰੂਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਈ ਗੰਭੀਰ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੈਨੇਜਮੈਂਟ ਤੋਂ ਖਫ਼ਾ ਪਾਵਰਕੌਮ ਅਧਿਕਾਰੀਆਂ ਨੇ 19 ਜੁਲਾਈ ਤੋਂ ਸ਼ਾਮ 5 ਵਜ਼ੇ ਤੋਂ ਸਵੇਰੇ 9 ਵਜ਼ੇ ਤੱਕ ਆਪਣੇ ਫੋਨ ਬੰਦ ਰੱਖਣ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

ਇੰਜਨੀਅਰ ਪੰਕਜ ਗਰਗ ਨੇ ਦੱਸਿਆ ਕਿ ਫੀਲਡ ਵਿਚ ਕੰਮ ਕਰਦੇ ਅਧਿਕਾਰੀਆਂ ਲਈ ਬਹੁਤ ਔਖਾ ਸਮਾਂ ਚੱਲ ਰਿਹਾ ਹੈ। ਪਾਵਰਕੌਮ ਵਿਚ ਪਹਿਲਾਂ ਹੀ ਬਹੁਤ ਘੱਟ ਅਧਿਕਾਰੀ/ਕਰਮਚਾਰੀ ਕੰਮ ਕਰ ਰਹੇ ਹਨ ਅਤੇ ਜਿਹੜੇ ਬਾਕੀ ਪੱਕੇ ਕਰਮਚਾਰੀ ਕੰਮ ਕਰ ਰਹੇ ਹਨ, ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਵਰਕ ਟੂ ਰੂਲ ਕਰਕੇ ਰੋਸ ਵਜੋਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰਦੇ ਹਨ। ਆਊਟਸੋਰਸ ਕਾਮੇ ਵੀ ਹੜਤਾਲ ’ਤੇ ਚੱਲ ਰਹੇ ਹਨ ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਬਿਜਲੀ ਸਹੂਲਤਾਂ ਤੋਂ ਵਾਂਝੇ ਹੋਣ ਕਾਰਨ ਅਧਿਕਾਰੀਆਂ ਉਪਰ ਗੁੱਸਾ ਕੱਢ ਰਹੇ ਹਨ ਪਰੰਤੂ ਪਾਵਰਕੌਮ ਮੈਨੇਜਮੈਂਟ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਦਿਨ ਭਰ ਦਫ਼ਤਰੀ ਕੰਮ ਤੋਂ ਇਲਾਵਾ ਸਾਰੀ ਰਾਤ ਬਿਜਲੀ ਸਪਲਾਈ ਸ਼ਿਕਾਇਤਾਂ ਦੇ ਫੋਨ ਆਉਂਦੇ ਰਹਿੰਦੇ ਹਨ। ਰਾਤ ਭਰ ਪਾਵਰਕੌਮ ਦੇ ਅਧਿਕਾਰੀ ਆਪਣੀ ਨੀਂਦ ਵੀ ਪੂਰੀ ਨਹੀਂ ਲੈ ਪਾ ਰਹੇ ਅਤੇ ਮਾਨਸ਼ਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਹੋ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਮੈਨੇਜਮੈਂਟ ਵੱਲੋਂ ਆਪਣੀ ਜ਼ਿੰਮੇਵਾਰੀ ਨਾ ਨਿਭਾ ਕੇ ਹੋਰ ਕੰਮਾਂ ਵਿਚ ਹੋ ਰਹੀ ਦੇਰੀ ਦਾ ਠੀਕਰਾ ਮਿਹਨਤ ਨਾਲ ਕੰਮ ਕਰ ਰਹੇ ਅਧਿਕਾਰੀਆਂ ਉਪਰ ਭੰਨਿ੍ਹਆਂ ਜਾ ਰਿਹਾ ਹੈ। ਹਲਕਾ ਸੰਗਰੂਰ ਵਿਚ 42% ਲਾਈਨਮੈਨ ,56.5% ਸਹਾਇਕ ਲਾਈਨਮੈਨ ਅਤੇ 25% ਜੇਈਆਂ ਦੀਆਂ ਅਸਾਮੀਆਂ ਖਾਲੀ ਪਾਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਅਧਿਕਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਮੈਨੇਜਮੈਂਟ ਦੀਆਂ ਖਾਮੀਆਂ ਕਾਰਨ ਮੁੱਖ ਇੰਜੀਨੀਅਰ ਦੱਖਣ ਜੋਨ , ਪਟਿਆਲਾ ਨੂੰ ਜਾਰੀ ਹੋਇਆ ਕਾਰਨ ਦੱਸੋ ਨੋਟਿਸ ਵਾਪਸ ਨਾ ਲਿਆ ਗਿਆ ਤਾਂ ਮਜ਼ਬੂਰਨ ਇੰਜ਼ਨੀਅਰ ਐਸੋਸੀਏਸ਼ਨ ਸੰਗਰੂਰ ਦੇ ਸਾਰੇ ਅਧਿਕਾਰੀ 19 ਜੁਲਾਈ ਤੋਂ ਅਣਮਿਥੇ ਸਮੇਂ ਲਈ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਫੋਨ ਬੰਦ ਰੱਖਣਗੇ ਅਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਹੋਵੇਗੀ।

ਮੀਟਿੰਗ ’ਚ ਸੁਖਵੰਤ ਸਿੰਘ ਧੀਮਾਨ ਐਕਸੀਅਨ ਦਿੜਬਾ, ਗੁਰਸ਼ਰਨ ਸਿੰਘ ਐਕਸੀਅਨ ਸੁਨਾਮ, ਮਨੋਜ ਕੁਮਾਰ ਐਕਸੀਅਨ ਧੂਰੀ, ਪ੍ਰੀਤ ਮੋਹਿੰਦਰ ਸਿੰਘ ਐਕਸੀਅਨ ਟੈਕ, ਚਰਨਜੀਤ ਸਿੰਘ ਐਕਸੀਅਨ, ਵਰਿੰਦਰ ਦੀਪਕ ਗੋਇਲ ਐਕਸੀਅਨ ਸੰਗਰੂਰ, ਇੰਦਰਜੀਤ ਸਿੰਘ ਐਕਸੀਅਨ ਪਾਤੜਾਂ, ਏਈਈ ਇੰਜ. ਹਨਿਸ਼ ਵਿਨਾਇਕ ਅਤੇ ਹਲਕਾ ਸੰਗਰੂਰ ਦੇ ਸਮੂਹ ਐਸਡੀਓ ਮੌਜੂਦ ਸਨ।

Advertisement