ਝੱਖੜ ਕਾਰਨ ਕਹੇਰੂ ਗਰਿੱਡ ਤੋਂ ਦੂਜੇ ਦਿਨ ਬਿਜਲੀ ਸਪਲਾਈ ਠੱਪ
ਖੇਤਰ ਵਿੱਚ ਝੱਖੜ ਕਾਰਨ 11 ਕੇਵੀ ਲਾਈਨ ਦੀ ਖਰਾਬੀ ਕਾਰਨ 220 ਕੇਵੀ ਗਰਿੱਡ ਕਹੇਰੂ ਤੋਂ ਚੱਲਦੇ ਬਹੁ-ਗਿਣਤੀ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਦੂਜੇ ਦਿਨ ਵੀ ਬਹਾਲ ਨਹੀਂ ਹੋ ਸਕੀ। ਬੀਕੇਯੂ ਰਾਜੇਵਾਲ ਦੇ ਸੀਨੀਅਰ ਆਗੂ ਜੀਤ ਸਿੰਘ ਜਹਾਂਗੀਰ ਨੇ ਇਹ ਦਾਅਵਾ...
ਖੇਤਰ ਵਿੱਚ ਝੱਖੜ ਕਾਰਨ 11 ਕੇਵੀ ਲਾਈਨ ਦੀ ਖਰਾਬੀ ਕਾਰਨ 220 ਕੇਵੀ ਗਰਿੱਡ ਕਹੇਰੂ ਤੋਂ ਚੱਲਦੇ ਬਹੁ-ਗਿਣਤੀ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਦੂਜੇ ਦਿਨ ਵੀ ਬਹਾਲ ਨਹੀਂ ਹੋ ਸਕੀ। ਬੀਕੇਯੂ ਰਾਜੇਵਾਲ ਦੇ ਸੀਨੀਅਰ ਆਗੂ ਜੀਤ ਸਿੰਘ ਜਹਾਂਗੀਰ ਨੇ ਇਹ ਦਾਅਵਾ ਕਰਦਿਆਂ ਫੀਡਰ ਤੁਰੰਤ ਚਾਲੂ ਨਾ ਕੀਤੇ ਜਾਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਜੀਤ ਸਿੰਘ ਜਹਾਂਗੀਰ ਨੇ ਦੱਸਿਆ ਕਿ ਹਵਾਵਾਂ ਨਾਲ 11 ਕੇਵੀ ਲਾਈਨ ’ਚ ਖਰਾਬੀ ਆਉਣ ਮਗਰੋਂ ਕੱਲ੍ਹ ਤੋਂ ਹੀ ਜਹਾਂਗੀਰ, ਕਹੇਰੂ, ਰਾਜੋਮਾਜਰਾ, ਪੁੰਨਾਵਾਲ, ਬਾਦਸ਼ਾਹਪੁਰ, ਬਮਾਲ, ਘਨੌਰ ਖੁਰਦ, ਮੱਲੂਮਾਜਰਾ ਅਤੇ ਦੌਲਤਪੁਰ ਆਦਿ ਖੇਤੀਵਾੜੀ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਵੀ ਠੱਪ ਰਹੀ। ਆਗੂ ਨੇ ਦੱਸਿਆ ਕਿ ਭਾਵੇਂ ਪਾਵਰਕੌਮ ਕੋਲ ਪਹਿਲਾਂ ਹੀ ਮੁਲਾਜ਼ਮਾਂ ਦੀ ਵੱਡੀ ਘਾਟ ਹੈ ਪਰ ਹੁਣ ਪਰਾਲੀ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਵੱਡੀ ਗਿਣਤੀ ਬਿਜਲੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਇਹ ਸਮੱਸਿਆ ਆ ਰਹੀ ਹੈ। ਸਬੰਧਤ ਜੇਈ ਅਰਸ਼ਦ ਖਾਂ ਨੇ ਸੰਪਰਕ ਕਰਨ ’ਤੇ 11 ਕੇਵੀ ਫਾਲਟ ਹੋਣ ਅਤੇ ਖੰਭੇ ਟੁੱਟਣ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਕੱਲ੍ਹ ਹੀ ਦੋ ਯੂਪੀਐਸ ਫੀਡਰ (24 ਘੰਟੇ ਬਿਜਲੀ) ਆਰਜ਼ੀ ਤੌਰ ’ਤੇ ਚਲਾ ਦਿੱਤੇ ਸਨ ਜੋ ਅੱਜ ਪੱਕੇ ਤੌਰ ’ਤੇ ਚੱਲ ਚੁੱਕੇ ਹਨ। ਅੱਜ ਵੀ ਮੁਲਾਜ਼ਮ ਬਿਜਲੀ ਸਪਲਾਈ ਦਰੁਸਤ ਕਰਨ ਲੱਗੇ ਹੋਏ ਹਨ ਅਤੇ ਕੁੱਝ ਫੀਡਰ ਅੱਜ ਚੱਲ ਗਏ ਅਤੇ ਕੁੱਝ ਹੋ ਚੱਲ ਜਾਣਗੇ ਪਰ ਉਹ ਚੱਲੇ ਫੀਡਰਾਂ ਦੀ ਗਿਣਤੀ ਨਹੀਂ ਦੱਸ ਸਕੇ। ਐਕਸੀਅਨ ਧੂਰੀ ਮਨੋਜ ਕੁਮਾਰ ਨੇ ਕਿਹਾ ਕਿ ਐਨੇ ਫੀਡਰ ਬੰਦ ਨਹੀਂ ਹੋ ਸਕਦੇ ਪਰ ਫਿਰ ਉਹ ਪਤਾ ਕਰ ਰਹੇ ਹਨ।