ਸਫ਼ਾਈ ਦੇ ਮਾੜੇ ਪ੍ਰਬੰਧ: ਹਾਕਮ ਧਿਰ ਦਾ ਕੌਂਸਲਰ ਕੂੜਾਦਾਨ ਲੈ ਕੇ ਕੌਂਸਲ ਦਫ਼ਤਰ ਪੁੱਜਿਆ
ਕਰੀਬ ਦਸ ਦਿਨ ਪਹਿਲਾਂ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਵਲੋਂ ਸ਼ਹਿਰ ’ਚ ਸੀਵਰੇਜ ਦੇ ਮਾੜੇ ਹਾਲ ਦਾ ਮੁੱਦਾ ਉਠਾਇਆ ਗਿਆ ਸੀ ਪਰ ਹੁਣ ਸ਼ਹਿਰ ਵਿਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸ਼ਹਿਰ ਦੇ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਵਤਾਰ ਸਿੰਘ ਤਾਰਾ ਆਪਣੇ ਵਾਰਡ ’ਚ ਲੱਗੇ ਕੂੜੇ ਦੇ ਢੇਰਾਂ ਤੋਂ ਦੁਖੀ ਹੋ ਕੇ ਆਪਣੇ ਘਰ ਦਾ ਕੂੜਾਦਾਨ ਚੁੱਕ ਨਗਰ ਕੌਂਸਲ ਦਫ਼ਤਰ ਪੁੱਜ ਗਿਆ ਅਤੇ ਪੁੱਛਿਆ, ‘‘ਦੱਸੋ ਉਹ ਕੂੜਾ ਕਿੱਥੇ ਸੁੱਟੇ’’। ਕੌਂਸਲਰ ਨੇ ਸਵਾਲ ਕੀਤਾ ਕਿ ਜੇਕਰ ਉਸ ਦੇ ਵਾਰਡ ਵਿੱਚ ਕੂੜਾ ਚੁੱਕਣ ਲਈ ਕੋਈ ਸਫ਼ਾਈ ਸੇਵਕ ਜਾਂ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਜਾਵੇਗੀ ਤਾਂ ਮੁਹੱਲੇ ਦੇ ਲੋਕ ਕੂੜਾ ਕਿੱਥੇ ਸੁੱਟਣ।
ਵਾਰਡ ਨੰਬਰ 22 ਤੋਂ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਦੋਸ਼ ਲਾਇਆ ਕਿ ਕੌਂਸਲਰਾਂ ਦੇ ਕੋਈ ਕੰਮਕਾਜ ਨਹੀਂ ਹੋ ਰਹੇ ਅਤੇ ਨਾ ਹੀ ਕੌਂਸਲਰਾਂ ਦੀ ਕੋਈ ਸੁਣਵਾਈ ਹੋ ਰਹੀ ਹੈ ਜਿਸ ਕਾਰਨ ਹੀ ਸ਼ਹਿਰ ਦੇ ਲੋਕ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸਦੇ ਵਾਰਡ ਨੰਬਰ 22 ਵਿਚ ਕੂੜਾ ਚੁੱਕਣ ਲਈ ਕੋਈ ਟੈਂਪੂ ਨਹੀਂ ਆ ਰਿਹਾ ਅਤੇ ਨਾ ਹੀ ਸਫ਼ਾਈ ਸੇਵਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਦੇ ਘਰਾਂ ਵਿਚ ਕੂੜਾ ਇਕੱਠਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵਾਰਡ ਦਾ ਨੁਮਾਇੰਦਾ ਹੋਣ ਕਾਰਨ ਲੋਕ ਸ਼ਿਕਾਇਤਾਂ ਲੈ ਕੇ ਉਸ ਕੋਲ ਪੁੱਜ ਰਹੇ ਹਨ ਜਿਸ ਕਾਰਨ ਉਹ ਅੱਜ ਆਪਣੇ ਘਰ ਦਾ ਕੂੜਾਦਾਨ ਚੁੱਕ ਕੇ ਨਗਰ ਕੌਂਸਲਰ ਦੇ ਦਫ਼ਤਰ ਪੁੱਜੇ ਹਨ ਅਤੇ ਕਾਰਜਸਾਧਕ ਅਫ਼ਸਰ ਤੋਂ ਪੁੱਛਿਆ ਹੈ ਕਿ ਉਹ ਆਪਣਾ ਕੂੜਾ ਕਿਥੇ ਸੁੱਟਣ। ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਿਚ ਨਗਰ ਕੌਂਸਲ ਵਲੋਂ ਕੋਈ ਸਫ਼ਾਈ ਸੇਵਕ ਜਾਂ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਆਵੇਗੀ ਤਾਂ ਲੋਕਾਂ ਦੇ ਘਰਾਂ ਵਿਚ ਕੂੜਾ ਇਕੱਠਾ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲਰ ਅਧਿਕਾਰੀਆਂ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ ਹੈ।
ਡੰਪ ’ਤੇ ਕੂੜਾ ਸੁੱਟਣ ਦਾ ਕੰਮ ਰੁਕਿਆ: ਈਓ
ਨਗਰ ਕੌਂਸਲ ਦੇ ਈਓ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਡੰਪ ’ਤੇ ਕੂੜਾ ਸੁੱਟਣ ਦਾ ਕੰਮ ਰੁਕਿਆ ਹੋਇਆ ਹੈ ਜਿਸ ਕਾਰਨ ਹੀ ਇਹ ਸਮੱਸਿਆ ਆਈ ਹੈ। ਇੱਕ ਦੋ ਦਿਨਾਂ ਵਿਚ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਇਕੱਠਾ ਹੋਇਆ ਕੂੜਾ ਚੁੱਕਿਆ ਜਾਵੇਗਾ।