ਨਿਕਾਸੀ ਦੇ ਮਾੜੇ ਪ੍ਰਬੰਧ: ਮੀਂਹ ਕਾਰਨ ਸੰਗਰੂਰ ਸ਼ਹਿਰ ਜਲ-ਥਲ
ਭਾਦੋਂ ਮਹੀਨੇ ’ਚ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਸ ਦਿਨਾਂ ਤੋਂ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਅੱਜ ਤੜਕੇ ਲਗਪਗ ਚਾਰ ਵਜੇ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਦੁਪਹਿਰ ਤੱਕ ਪੈਂਦਾ ਰਿਹਾ। ਇਸ ਦੌਰਾਨ ਸ਼ਹਿਰ ਜਲ-ਥਲ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰ ਅੱਠ ਵਜੇ ਤੱਕ ਸੰਗਰੂਰ ’ਚ 49.8 ਐੱਮਐੱਮ ਮੀਂਹ ਪਿਆ। ਅੱਜ ਹੋਈ ਬਰਸਾਤ ਨਾਲ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਗੋਡੇ-ਗੋਡੇ ਪਾਣੀ ਭਰ ਗਿਆ ਅਤੇ ਸ਼ਹਿਰ ਦੀਆਂ ਅਨੇਕਾਂ ਕਲੋਨੀਆਂ ਦੀਆਂ ਗਲੀਆਂ ਵੀ ਜਲਥਲ ਹੋ ਗਈਆਂ। ਬੱਸ ਸਟੈਂਡ ਨਜ਼ਦੀਕ ਜਲਥਲ ਹੋਈ ਧੂਰੀ ਗੇਟ ਬਾਜ਼ਾਰ ਵਾਲੀ ਸੜਕ ਉਪਰ ਗੋਡੇ-ਗੋਡੇ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਪਾਣੀ ’ਚੋਂ ਲੰਘ ਕੇ ਬਾਜ਼ਾਰ ਵਿਚ ਦਾਖਲ ਹੋਣਾ ਪਿਆ। ਇਸ ਸੜਕ ਤੋਂ ਚੰਗੀ ਤਰ੍ਹਾਂ ਪਾਣੀ ਸੁੱਕਿਆ ਹੀ ਨਹੀਂ। ਜਦੋਂ ਵੀ ਪਾਣੀ ਸੁੱਕਣ ਲੱਗਦਾ ਹੈ ਤਾਂ ਫ਼ਿਰ ਮੀਂਹ ਪੈ ਜਾਂਦਾ ਹੈ। ਮੀਂਹ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਠੱਪ ਹੋਇਆ ਪਿਆ ਹੈ। ਜ਼ਿਲ੍ਹਾ ਹੈੱਡਕੁਆਰਟਰ ਦੇ ਸਿਵਲ ਹਸਪਤਾਲ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਕੰਪਲੈਕਸ ਵੀ ਬਾਹਰੀ ਸੜਕਾਂ ਤੋਂ ਨੀਵੇਂ ਹੋਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ। ਮਜ਼ਾਲ ਐ, ਕੋਈ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸਿਵਲ ਹਸਪਤਾਲ ’ਚੋਂ ਸੁੱਕਾ ਲੰਘ ਜਾਵੇ। ਗੋਡੇ-ਗੋਡੇ ਪਾਣੀ ’ਚੋ ਲੰਘ ਕੇ ਹਸਪਤਾਲ ’ਚ ਦਾਖਲ ਹੋਣਾ ਪੈਂਦਾ ਹੈ। ਐੱਸਡੀਐੱਮ ਦਫ਼ਤਰ ਅਤੇ ਡੀ.ਸੀ. ਦਫ਼ਤਰ ਵਿਚਕਾਰ ਬਾਹਰੀ ਕੰਪਲੈਕਸ ’ਚ ਵੀ ਗੋਡੇ-ਗੋਡੇ ਪਾਣੀ ਭਰ ਜਾਂਦਾ ਹੈ। ਸਰਕਾਰੀ ਰਣਬੀਰ ਕਲੱਬ ਜਿਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਸਰਕਾਰੀ ਕੋਠੀਆਂ ਹਨ, ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕਦਾ। ਸ਼ਹਿਰ ਦੀਆਂ ਅਨੇਕਾਂ ਹੋਰ ਜਨਤਕ ਥਾਵਾਂ ਅਤੇ ਸ਼ਹਿਰ ਦੀਆਂ ਕਲੋਨੀਆਂ ਹਨ ਜੋ ਕਿ ਜਲਥਲ ਹੁੰਦੀਆਂ ਹਨ ਪਰ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿਚ ਸੁਧਾਰ ਕਰਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ।
ਇਸਤੋਂ ਇਲਾਵਾ ਪਿੰਡਾਂ ’ਚ ਵੀ ਮੀਂਹ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਸ਼ੂਆਂ ਦੀ ਸਾਂਭ ਸੰਭਾਲ ਵਿਚ ਦਿੱਕਤਾਂ ਆ ਰਹੀਆਂ ਹਨ। ਮਕਾਨਾਂ ਦੀਆਂ ਛੱਤਾਂ ’ਚੋਂ ਪਾਣੀ ਤਿਪਕ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸੰਗਰੂਰ ’ਚ 49.8 ਐੱਮਐੱਮ, ਸੁਨਾਮ ’ਚ 32.0 ਐੱਮ.ਐੱਮ, ਦਿੜ੍ਹਬਾ ’ਚ 30.0 ਐੱਮ.ਐੱਮ, ਲਹਿਰਾ ’ਚ 42.2 ਐੱਮ.ਐੱਮ, ਮੂਨਕ ’ਚ 48.4 ਐੱਮ.ਐੱਮ, ਧੂਰੀ ’ਚ 22.8 ਐੱਮ.ਐੱਮ ਮੀਂਹ ਪਿਆ। ਜ਼ਿਲ੍ਹਾ ਸੰਗਰੂਰ ਵਿਚ ਔਸਤਨ 34.457 ਐੱਮ.ਐੱਮ ਮੀਹ ਦਰਜ ਕੀਤਾ ਗਿਆ।