ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਚੋਣ ਮਾਹੌਲ ਭਖ਼ਣ ਲੱਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਰਣਨੀਤੀ ਘੜੀ ਜਾਣ ਲੱਗੀ ਹੈ।
ਕਾਂਗਰਸ ਪਾਰਟੀ ਵੱਲੋਂ ਸੰਗਰੂਰ ਹਲਕੇ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਰਣਨੀਤੀ ਘੜਨ ਵਾਸਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਉਮੀਦਵਾਰ, ਸੰਗਰੂਰ ਅਤੇ ਭਵਾਨੀਗੜ੍ਹ ਦੇ ਬਲਾਕ ਪ੍ਰਧਾਨ, ਸੰਗਰੂਰ ਦੇ ਐੱਮ ਸੀ, ਹਲਕੇ ਦੇ ਪੰਚ, ਸਰਪੰਚ ਅਤੇ ਕਾਂਗਰਸੀ ਆਗੂ ਤੇ ਵਰਕਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਚੋਣਾਂ ਸਾਡੇ ਪਿੰਡਾਂ ਅਤੇ ਮੁਹੱਲਿਆਂ ਦੇ ਵਿਕਾਸ ਦੀ ਨੀਂਹ ਰੱਖਣ ਦਾ ਮਹੱਤਵਪੂਰਨ ਮੌਕਾ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਬਿਆਨਬਾਜ਼ੀ ਵਿੱਚ ਰੁੱਝੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਯਾਦ ਰੱਖਿਆ ਜਾਵੇ ਕਿ ਵੋਟਰ ਵਿਕਾਸ ਕਰਨ ਵਾਲਿਆਂ ਜਾਂ ਵਿਕਾਸ ਰੋਕਣ ਵਾਲਿਆਂ ਵਿੱਚੋਂ ਕਿਸ ਦੇ ਹੱਥਾਂ ਵਿੱਚ ਹਲਕੇ ਦਾ ਭਵਿੱਖ ਸੌਂਪਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਕੰਮ ਦੇ ਆਧਾਰ ’ਤੇ ਵੋਟ ਪਾਉਣ ਦੀ ਅਪੀਲ ਕੀਤੀ।

