ਮਜੀਠੀਆ ਦੀ ਪੇਸ਼ੀ ’ਤੇ ਜਾਂਦੇ ਅਕਾਲੀ ਆਗੂਆਂ ਨੂੰ ਪੁਲੀਸ ਨੇ ਰੋਕਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਜੁਲਾਈ
ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਚੰਡੀਗੜ੍ਹ ਜਾ ਰਹੇ ਸਾਬਕਾ ਵਿਧਾਇਕ ਸਮੇਤ ਅਕਾਲੀ ਆਗੂਆਂ ਨੂੰ ਪੁਲੀਸ ਵੱਲੋਂ ਇੱਥੇ ਨੈਸ਼ਨਲ ਹਾਈਵੇਅ ਤੇ ਨਾਕਾ ਲਗਾ ਕੇ ਰੋਕਿਆ ਗਿਆ। ਇਸ ਮੌਕੇ ਗੁਰਤੇਜ ਸਿੰਘ ਸਾਬਕਾ ਵਿਧਾਇਕ ਬੱਲੂਆਣਾ, ਇਸਤਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਮਜੀਤ ਕੌਰ ਵਿਰਕ, ਬੇਅੰਤ ਕੌਰ ਬਰਨਾਲਾ, ਹਰਵਿੰਦਰ ਸਿੰਘ ਗੋਲਡੀ ਤੂਰ, ਪ੍ਰਭਜੀਤ ਸਿੰਘ ਲੱਕੀ ਅਤੇ ਨਰਿੰਦਰ ਸਿੰਘ ਤੂਰ ਨੇ ਪੁਲੀਸ ਵੱਲੋਂ ਰੋਕੇ ਜਾਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਆਪਣੀ ਡਿੱਗਦੀ ਸਾਖ ਨੂੰ ਬਚਾਉਣ ਲਈ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਜੀਠੀਆ ਨਾਲ ਇਕਮੁੱਠਤਾ ਜ਼ਾਹਰ ਕਰਨ ਲਈ ਚੰਡੀਗੜ੍ਹ ਜਾ ਰਹੇ ਸਨ ਪਰ ਪੁਲੀਸ ਵੱਲੋਂ ਜ਼ਬਰਦਸਤੀ ਰੋਕਿਆ ਗਿਆ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਪੁਲੀਸ ਵੱਲੋਂ ਅਕਾਲੀ ਆਗੂਆਂ ਨੂੰ ਨਾਕੇ ’ਤੇ ਹੀ ਇੱਕ ਕਮਰੇ ਵਿੱਚ ਤਕਰੀਬਨ ਪੰਜ ਘੰਟੇ ਡੱਕੀ ਰੱਖਣ ਤੋਂ ਬਾਅਦ ਛੱਡ ਦਿੱਤਾ, ਜਦੋਂ ਕਿ ਮਹਿਲਾ ਆਗੂਆਂ ਨੂੰ ਸੰਗਰੂਰ ਭੇਜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਾਬਕਾ ਵਿਧਾਇਕ ਨੂੰ ਵਾਪਸ ਮੋੜ ਦਿੱਤਾ ਗਿਆ ਸੀ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁਹਾਲੀ ਅਦਾਲਤ ਵਿਚ ਪੇਸ਼ੀ ਦੇ ਮੱਦੇਨਜ਼ਰ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਨੇ ਹਲਕਾ ਮਾਲੇਰਕੋਟਲਾ ਦੀ ਮਹਿਲਾ ਅਕਾਲੀ ਆਗੂ ਜਾਹਿਦਾ ਸੁਲੇਮਾਨ ਅਤੇ ਹਲਕਾ ਅਮਰਗੜ੍ਹ ਦੇ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਨੂੰ ਸਵੇਰ ਤੋਂ ਹੀ ਘਰਾਂ ਅੰਦਰ ਰੋਕੀ ਰੱਖਿਆ। ਐੱਸਐੱਚਓ ਥਾਣਾ ਸਿਟੀ-1 ਮਾਲੇਰਕੋਟਲਾ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਕਰਮਚਾਰੀਆਂ ਨੇ ਅੱਜ ਸੁਵੱਖਤੇ ਹੀ ਸਥਾਨਕ ਮੁਬਾਰਕ ਮੰਜ਼ਿਲ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਜਾਹਿਦਾ ਸੁਲੇਮਾਨ ਦੀ ਰਿਹਾਇਸ਼ ਅੱਗਿਓਂ ਘਰੋਂ ਨਿਕਲਣ ’ਤੇ ਰੋਕ ਲਿਆ। ਮਹਿਲਾ ਆਗੂ ਨਾਲ ਮੌਜੂਦ ਸਮਰਥਕਾਂ ਨੇ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਪਰ ਕੁੱਝ ਸਮੇਂ ਪਿੱਛੋਂ ਮਾਹੌਲ ਸ਼ਾਂਤ ਹੋ ਗਿਆ। ਉਧਰ ਥਾਣਾ ਅਮਰਗੜ੍ਹ ਦੀ ਪੁਲੀਸ ਨੇ ਅਕਾਲੀ ਆਗੂ ਸੀਰਾ ਬਨਭੌਰਾ ਦੇ ਘਰ ਅੱਗੇ ਪੁਲੀਸ ਫੋਰਸ ਤਾਇਨਾਤ ਕਰਕੇ ਉਸ ਨੂੰ ਘਰ ਦੇ ਅੰਦਰ ਹੀ ਰੋਕੀ ਰੱਖਿਆ। ਪੁਲੀਸ ਨੇ ਬਾਅਦ ਦੁਪਹਿਰ ਦੋਵੇਂ ਆਗੂਆਂ ਦੇ ਘਰਾਂ ਅੱਗੋਂ ਰੋਕਾਂ ਹਟਾ ਲਈਆਂ।
ਸ਼੍ਰੋਮਣੀ ਕਮੇਟੀ ਮੈਂਬਰ ਗੜ੍ਹੀ ਨੂੰ ਘਰ ’ਚ ਨਜ਼ਰਬੰਦ ਕੀਤਾ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਮੁਹਾਲੀ ਵਿਖੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਦੀ ਪੇਸ਼ੀ ਮੌਕੇ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਐੱਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ ਨੂੰ ਉਨ੍ਹਾਂ ਦੇ ਘਰ ਪਿੰਡ ਗੜੀ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਗੋਲੂ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 8 ਵਜੇ ਡੀਐੱਸਪੀ (ਡੀ) ਪਟਿਆਲਾ ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠ ਐੱਸਐੱਚਓ ਬਨੂੜ ਅਰਸ਼ਦੀਪ ਸ਼ਰਮਾ ਪੁਲੀਸ ਪਾਰਟੀ ਨਾਲ ਗੜੀ ਦੇ ਘਰ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਹਾਊਸ ਅਰੈਸਟ ਕਰ ਲਿਆ। ਪੁਲੀਸ ਗੜੀ ਦੇ ਘਰ ਸ਼ਾਮ ਚਾਰ ਵਜੇ ਤੱਕ ਬੈਠੀ ਰਹੀ। ਗੜੀ ਨੇ ਇਸ ਕਾਰਗੁਜ਼ਾਰੀ ਨੂੰ ਮਾਨ ਸਰਕਾਰ ਦੀ ਸ਼ਰੇਆਮ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣਾ ਰੋਸ ਪ੍ਰਗਟ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਲੋਕ ਮਾਨ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹਨ।