ਪਰਾਲੀ ਸਾੜਨ ਤੋਂ ਰੋਕਣ ਪੁੱਜੀ ਪੁਲੀਸ ਘੇਰੀ
ਪਿੰਡ ਕਿਲਾਭਰੀਆਂ ਵਿੱਚ ਕਿਸਾਨਾਂ ਨੇ ਕਰੀਬ ਦੋ ਘੰਟੇ ਤੱਕ ਕੀਤਾ ਘਿਰਾਓ; ਪੁਲੀਸ ਅੱਗੇ ਸਡ਼ਦੀ ਰਹੀ ਪਰਾਲੀ
ਪਿੰਡ ਕਿਲਾਭਰੀਆਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੁੱਜੀ ਥਾਣਾ ਲੌਂਗੋਵਾਲ ਦੀ ਪੁਲੀਸ ਪਾਰਟੀ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਅਤੇ ਥਾਣਾ ਮੁਖੀ ਸਮੇਤ ਪੁਲੀਸ ਪਾਰਟੀ ਨੂੰ ਕਰੀਬ ਦੋ ਘੰਟੇ ਤੱਕ ਘੇਰੀ ਰੱਖਿਆ ਗਿਆ। ਮੌਕੇ ’ਤੇ ਪੁਲੀਸ ਦੀ ਮੌਜੂਦਗੀ ਵਿੱਚ ਹੀ ਖੇਤਾਂ ’ਚ ਝੋਨੇ ਦੀ ਪਰਾਲੀ ਸੜਦੀ ਰਹੀ ਪਰ ਪੁਲੀਸ ਬੇਵੱਸ ਨਜ਼ਰ ਆ ਰਹੀ ਸੀ।
ਸ਼ਾਮ ਕਰੀਬ ਚਾਰ ਵਜੇ ਪਿੰਡ ਕਿਲਾਭਰੀਆਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ ਸੀ ਜਿਸਦੀ ਸੂਚਨਾ ਮਿਲਦਿਆਂ ਹੀ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਥਾਣਾ ਲੌਂਗੋਵਾਲ ਦੇ ਐੱਸ ਐੱਚ ਓ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ। ਜਿਉਂ ਹੀ ਪਿੰਡ ’ਚ ਪਤਾ ਲੱਗਿਆ ਕਿ ਪੁਲੀਸ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਪੁੱਜੀ ਤਾਂ ਵੱਡੀ ਗਿਣਤੀ ’ਚ ਕਿਸਾਨ, ਬੀਬੀਆਂ ਅਤੇ ਬੱਚੇ ਹੱਥਾਂ ਵਿੱਚ ਝੰਡੇ ਲੈ ਕੇ ਮੌਕੇ ’ਤੇ ਪੁੱਜ ਗਏ ਅਤੇ ਪੁਲੀਸ ਦੀ ਗੱਡੀ ਦਾ ਘਿਰਾਓ ਕਰ ਲਿਆ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੁਲੀਸ ਇਹ ਵਿਸ਼ਵਾਸ ਨਹੀਂ ਦਿਵਾਉਂਦੀ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਨਮੋਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਰੀਬ ਹਫ਼ਤਾ ਪਹਿਲਾਂ ਕਿਹਾ ਸੀ ਕਿ ਪਰਾਲੀ ਦਾ ਹੱਲ ਕਰਨ ਲਈ ਕੋਈ ਮਸ਼ੀਨਰੀ ਭੇਜੀ ਜਾਵੇ ਜਾਂ ਫਿਰ ਪਰਾਲੀ ਖੇਤ ਵਿਚੋਂ ਚੁੱਕ ਲਈ ਜਾਵੇ ਤੇ ਜੇਕਰ ਕੋਈ ਹੱਲ ਨਾ ਕੀਤਾ ਤਾਂ ਕਿਸਾਨ ਅੱਗ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਵਿਭਾਗ ਵੱਲੋਂ ਪਰਾਲੀ ਦੇ ਹੱਲ ਲਈ ਕੋਈ ਮਸ਼ੀਨਰੀ ਨਹੀਂ ਭੇਜੀ ਗਈ। ਇੱਕ ਪਾਸੇ ਕਿਸਾਨ ਅਤੇ ਬੀਬੀਆਂ ਪੁਲੀਸ ਦੀ ਗੱਡੀ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕਰ ਰਹੇ ਸਨ ਜਦੋਂਕਿ ਦੂਜੇ ਪਾਸੇ ਖੇਤਾਂ ਵਿਚ ਝੋਨੇ ਦੀ ਪਰਾਲੀ ਅੱਗ ਨਾਲ ਸੜ ਰਹੀ ਸੀ। ਕਰੀਬ ਦੋ ਘੰਟੇ ਤੱਕ ਪੁਲੀਸ ਦਾ ਘਿਰਾਓ ਕਰ ਕੇ ਰੱਖਿਆ ਗਿਆ। ਇਸ ਮੌਕੇ ਬੀਕੇਯੂ ਡਕੌਂਦਾ ਦੇ ਆਗੂ ਸਤਨਾਮ ਸਿੰਘ, ਬੀਕੇਯੂ ਏਕਤਾ ਆਜ਼ਾਦ ਦੀ ਮਹਿਲਾ ਆਗੂ ਬਲਜੀਤ ਕੌਰ ਕਿਲਾਭਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
ਥਾਣਾ ਮੁਖੀ ਨੇ ਘਿਰਾਓ ਤੋਂ ਇਨਕਾਰ ਕੀਤਾ
ਥਾਣਾ ਲੌਂਗੋਵਾਲ ਦੇ ਐੱਸ ਐੱਚ ਓ ਬਲਵੰਤ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਏ ਸਨ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਉਨ੍ਹਾਂ ਘਿਰਾਓ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸਾਨ ਇਕੱਠੇ ਹੋਏ ਸਨ। ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿਵਲ ਅਥਾਰਟੀ ਤੋਂ ਜੋ ਰਿਪੋਰਟ ਆਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

