DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਡ ਮੈਦਾਨ ਵਿਵਾਦ: ‘ਆਪ’ ਦਾ ਯੂਥ ਕੋ-ਆਰਡੀਨੇਟਰ ਅਤੇ ਪੰਚਾਇਤੀ ਨੁਮਾਇੰਦੇ ਆਹਮੋ-ਸਾਹਮਣੇ

ਮਾਮਲਾ ਮੁੱਖ ਮੰਤਰੀ ਕੈਂਪ ਦਫ਼ਤਰਾਂ ਦੇ ਇੰਚਾਰਜਾਂ ਕੋਲ ਪੁੱਜਾ
  • fb
  • twitter
  • whatsapp
  • whatsapp
Advertisement

ਬੀਰਬਲ ਰਿਸ਼ੀ

ਧੂਰੀ, 24 ਜੂਨ

Advertisement

ਪਿੰਡ ਦੁੱਗਨੀ ਵਿੱਚ ਖੇਡ ਮੈਦਾਨ ਸਬੰਧੀ ਕਾਫ਼ੀ ਸਮੇਂ ਤੋਂ ਚੱਲ ਰਿਹਾ ਵਿਵਾਦ ਹੁਣ ਭਖਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਮਾਮਲੇ ’ਤੇ ਹੁਕਮਰਾਨ ਧਿਰ ਨਾਲ ਨੇੜਤਾ ਰੱਖਦੀ ਪੰਚਾਇਤ ਅਤੇ ‘ਆਪ’ ਦੇ ਯੂਥ ਕੋ-ਆਰਡੀਨੇਟਰ ਤੇ ਉਸ ਦੇ ਸਮਰਥਕ ਆਹਮੋ-ਸਾਹਮਣੇ ਹਨ। ‘ਆਪ’ ਦੇ ਯੂਥ ਕੋ-ਆਰਡੀਨੇਟਰ ਆਰਿਫ਼ ਦੁਗਨੀ ਤੇ ਉਸ ਦੇ ਸਮਰਥਕਾਂ ਨੇ ਮੀਡੀਆ ਨੂੰ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਦਿਆਰਥੀਆਂ ਲਈ ਪਿਛਲੀ ਪੰਚਾਇਤ ਨੇ ਮਤਾ ਪਾ ਕੇ ਖੇਡ ਮੈਦਾਨ ਲਈ ਜਗ੍ਹਾ ਦਿੱਤੀ ਸੀ ਪਰ ਹੁਣ ਨਵੀਂ ਪੰਚਾਇਤ ਮਤਾ ਪਾ ਕੇ ਉਕਤ ਜਗ੍ਹਾ ਦੀ ਬੋਲੀ ਕਰਵਾਉਣਾ ਚਾਹੁੰਦੀ ਹੈ ਜਿਸ ਤੋਂ ਨੌਜਵਾਨਾਂ ’ਚ ਕਾਫ਼ੀ ਨਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਓਐੱਸਡੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੰਚਾਇਤ ਸਕੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਕੋਲ ਹੋਰ ਕੋਈ ਆਮਦਨ ਨਾ ਹੋਣ ਕਾਰਨ ਸਰਕਾਰੀ ਬਿੱਲ ਭਰਨੇ, ਸਫ਼ਾਈ ਕਾਮਿਆਂ ਨੂੰ ਤਨਖਾਹਾਂ ਤੇ ਹੋਰ ਫੁਟਕਲ ਖਰਚਿਆਂ ਦੇ ਮੱਦੇਨਜ਼ਰ ਪੰਚਾਇਤ ਨੇ ਇਹ ਫ਼ੈਸਲਾ ਲਿਆ ਹੈ। ਇਹ ਪੁੱਛੇ ਜਾਣ ’ਤੇ ਕਿ ਦੋਵੇਂ ਮਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪਏ ਹਨ, ਸਬੰਧੀ ਉਨ੍ਹਾਂ ਕਿਹਾ ਕਿ ਦੋਵੇਂ ਮਤੇ ਸਹੀ ਹਨ ਤੇ ਸਕੱਤਰ ਨੇ ਉਹ ਮਤਾ ਪਾਉਣਾ ਹੁੰਦਾ ਹੈ, ਜੋ ਮੌਜੂਦਾ ਪੰਚਾਇਤ ਪਾਉਣ ਲਈ ਕਹਿੰਦੀ ਹੈ। ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਐਨਾ ਹੀ ਕਿਹਾ ਕਿ ਇਸ ਮਾਮਲੇ ਦਾ ਹੱਲ ਕੱਢਿਆ ਜਾਵੇਗਾ।

ਖੇਡ ਮੈਦਾਨ ਦਾ ਬਦਲਵਾਂ ਪ੍ਰਬੰਧ ਕਰਨ ਲਈ ਯਤਨਸ਼ੀਲ: ਸਰਪੰਚ

ਪਿੰਡ ਦੁੱਗਨੀ ਦੀ ਸਰਪੰਚ ਬੀਬੀ ਸ਼ਕੀਲਾ, ਅਸਗਰ ਖਾਂ ਗੋਗਾ ਅਤੇ ਸਾਬਕਾ ਪੰਚ ਲਿਆਕਤ ਅਲੀ ਨੇ ਦੱਸਿਆ ਕਿ ਪਹਿਲੀ ਪੰਚਾਇਤ ਦੇ ਮਤੇ ਵਿੱਚ ਕੋਈ ਖਸਰਾ ਨੰਬਰ ਨਹੀਂ ਤੇ ਕੋਈ ਮਨਜ਼ੂਰੀ ਨਹੀਂ ਲਈ ਹੋਈ। ਨਵੀਂ ਪੰਚਾਇਤ ਵੱਲੋਂ ਪਾਏ ਤਾਜ਼ਾ ਮਤੇ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਚਾਇਤ ਕੋਲ ਆਪਣੀ ਆਮਦਨ ਦੇ ਸਾਧਨ ਸੀਮਤ ਹਨ ਅਤੇ ਮਹਿਜ਼ ਦੋ ਕੁ ਕਿਲੇ ਜ਼ਮੀਨ ਹੀ ਪੰਚਾਇਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨਾਂ ਲਈ ਉਹ ਖੇਡ ਮੈਦਾਨ ਦਾ ਬਦਲਵਾਂ ਪ੍ਰਬੰਧ ਕਰਨ ਲਈ ਯਤਨਸ਼ੀਲ ਹਨ।

Advertisement
×