ਭਾਰਤ ਮਾਲਾ ਸੜਕ ’ਤੇ ਲਾਇਆ ਪੱਕਾ ਧਰਨਾ ਸਮਾਪਤ
ਕਿਸਾਨ ਯੂਨੀਅਨ ਨੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਮਗਰੋਂ ਐਲਾਨ ਕੀਤਾ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਤੋਂ ਬਾਅਦ ਪਿੰਡ ਸੰਤੋਖਪੁਰਾ ਵਿੱਚ ਭਾਰਤ ਮਾਲਾ ਸੜਕ ’ਤੇ ਲਾਇਆ ਪੱਕਾ ਧਰਨਾ ਅੱਜ ਸਮਾਪਤ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਜਥੇਬੰਦੀ ਵੱਲੋਂ ਪਿਛਲੇ ਮਹੀਨੇ ਤੋਂ ਪਿੰਡ ਸੰਤੋਖਪੁਰਾ ਵਿਖੇ ਧਰਨਾ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਬਕਾਇਆ ਰਾਸ਼ੀ ਲਗਪਗ 5 ਕਰੋੜ 52 ਲੱਖ ਰੁਪਏ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਝਨੇੜੀ ਦੇ ਕਿਸਾਨਾਂ ਦੇ ਪੈਸੇ ਅਤੇ ਰਸਤਾ ਜਲਦੀ ਦੇਣ ਦਾ ਵਿਸ਼ਵਾਸ ਦਿਵਾਇਆ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਬਲਾਕ ਦੇ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ, ਖਜ਼ਾਨਚੀ ਬਲਵਿੰਦਰ ਘਨੌੜ ਜੱਟਾਂ, ਰਘਵੀਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ ਅਤੇ ਪ੍ਰਿਤਪਾਲ ਸਿੰਘ ਸੰਤੋਖ ਪੁਰਾ ਹਾਜ਼ਰ ਸਨ।

