ਲੋਕ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਫਤਵਾ ਦੇਣਗੇ: ਚੰਦੂਮਾਜਰਾ
ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੰਦੂਮਾਰਜਾ ਪਿਓ-ਪੁੱਤ ਨੇ ਸੰਭਾਲਿਆ ਮੋਰਚਾ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਚੋਣ ਨਿਸ਼ਾਨ ਅਲਾਟ ਹੋਣ ਉਪਰੰਤ ਸਾਰੀਆਂ ਧਿਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ ਸਨੌਰ ’ਚ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ਦੀ ਗਿਣਤੀ ਪੱਖੋਂ ‘ਆਪ’ ਤੋਂ ਬਾਅਦ ਦੂਜੀ ਵੱਡੀ ਪਾਰਟੀ ਵਜੋਂ ਸਾਹਮਣੇ ਆਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਨੇ ਸਰਗਰਮੀਆਂ ਤੇਜ਼ ਕਰਦਿਆਂ ਅੱਜ ਪਹਿਲੇ ਦਿਨ ਹਲਕੇ ਭਰ ’ਚ ਕਈ ਥਾਈਂ ਚੋਣ ਮੀਟਿੰਗਾਂ ਕੀਤੀਆਂ। ਹਲਕਾ ਸਨੌਰ ਵਿਚਲੇ 38 ਜ਼ੋਨਾਂ ਵਿਚੋਂ ਅਕਾਲੀ ਦਲ ਪੁਨਰ ਸੁਰਜੀਤੀ ਕਰੀਬ 20 ਜ਼ੋਨਾਂ ’ਤੇ ਆਪਣੇ ਉਮੀਦਵਾਰ ਉਤਾਰਨ ’ਚ ਸਫ਼ਲ ਰਿਹਾ ਹੈ। ਇਸ ਹਲਕੇ ’ਚ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਬਾਦਲ ਵਿਰੋਧੀ ਧੜੇ ਦੀ ਅਗਵਾਈ ਕਰਦੇ ਹਨ ਜਿਸ ਕਾਰਨ ਹਰਿੰਦਰਪਾਲ ਚੰਦੂਮਾਜਰਾ ਨਾਲ ਉਨ੍ਹਾਂ ਦੇ ਪਿਤਾ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਲਈ ਡਟ ਗਏ ਹਨ। ਦੋਵਾਂ ਪਿਓ-ਪੁੱਤਾਂ ਨੇ ਅੱਜ ਹਲਕੇ ’ਚ ਦਰਜਨਾਂ ਹੀ ਪਿੰਡਾਂ ਦਾ ਦੌਰਾ ਕਰਕੇ ਚੋਣ ਮੀਟਿੰਗਾਂ ਵੀ ਕੀਤੀਆਂ। ਸ੍ਰੀ ਚੰਦੂਮਾਜਰਾ ਨੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦੀ ਮਜ਼ਬੂਤੀ ਦਾ ਹੋਕਾ ਦਿੱਤਾ। ਸ੍ਰੀ ਚੰਦੂਮਾਜਰਾ ਨੇ ਆਖਿਆ ਕਿ ਭਾਵੇਂ ਇਹ ਚੋਣਾ ਲੋਕਤੰਤਰਤਾ ਦੀ ਨੀਂਹ ਵਜੋਂ ਜਾਣੀਆਂ ਜਾਂਦੀਆਂ ਹਨ, ਪਰ ਆਪ ਸਰਕਾਰ ਨੇ ਸਮੁੱਚੇ ਸਿਸਟਮ ਦੀਆਂ ਧੱਜੀਆਂ ਹੀ ਉਡਾ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦਾ ਜਵਾਬ ਲੋਕ ਸਰਕਾਰ ਪੱਖੀ ਉਮੀਦਵਾਰਾਂ ਖ਼ਿਲਾਫ਼ ਫਤਵਾ ਦੇ ਕੇ ਦੇਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬਲਵਿੰਦਰ ਕਰਹੇੜੀ, ਕੁਲਵਿੰਦਰ ਸਿੰਘ, ਪ੍ਰੇਮ ਸਿੰਘ ਸਵਾਈਵਾਲਾ, ਇੰਦਰਜੀਤ ਮਾਨ, ਗੁਰਜੀਤ ਉੱਪਲੀ, ਸ਼ੇਰ ਸਿੰਘ ਪੰਜੇਟਾ ਤੇ ਮਹਿੰਦਰ ਪੰਜੇਟਾ ਆਦਿ ਨੇ ਵੀ ਵਿਚਾਰ ਪਸ਼ ਕੀਤੇ।

